ਪੰਜਾਬ 'ਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਇਸ 'ਤੇ ਜਾਖੜ ਦੇ ਪੱਖ ਤੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਹੁਣ ਇਸ ਮਾਮਲੇ 'ਤੇ ਜਨਰਲ ਸਕੱਤਰ ਅਨਿਲ ਸਰੀਨ ਨੇ ਇਸ ਖਬਰ ਨੂੰ ਅਫਵਾਹ ਕਰਾਰ ਦਿੱਤਾ ਹੈ।
ਭਾਜਪਾ ਦੇ ਜਨਰਲ ਸਕੱਤਰ ਨੇ ਇਸ ਖ਼ਬਰ ਦਾ ਕੀਤਾ ਖੰਡਨ
ਇਸੇ ਦੌਰਾਨ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਇਸ ਖ਼ਬਰ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਮਹਿਜ਼ ਇੱਕ ਅਫ਼ਵਾਹ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਫੈਲਾਇਆ ਜਾ ਰਿਹਾ ਸਰਾਸਰ ਝੂਠਾ ਪ੍ਰਚਾਰ ਹੈ। ਸੁਨੀਲ ਜਾਖੜ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਹਨ ਅਤੇ ਪ੍ਰਧਾਨ ਵਜੋਂ ਆਪਣੀ ਡਿਊਟੀ ਨਿਭਾ ਰਹੇ ਹਨ।
ਅਸਤੀਫ਼ੇ ਦਾ ਦੱਸਿਆ ਇਹ ਕਾਰਨ
ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਦੇ ਅਸਤੀਫੇ ਪਿੱਛੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਹੱਥ ਹੈ। ਕਿਉਂਕਿ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਬਿੱਟੂ ਨੂੰ ਰਾਜ ਮੰਤਰੀ ਬਣਾਇਆ ਸੀ। ਉਦੋਂ ਤੋਂ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਇਸੇ ਕਾਰਨ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਜਾਖੜ ਨੇ ਜੁਲਾਈ ਮਹੀਨੇ ਤੋਂ ਹੀ ਪਾਰਟੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ।
ਰਾਜਾ ਵੜਿੰਗ ਨੇ ਕੱਸਿਆ ਤੰਜ
ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ 'ਤੇ ਪੋਸਟ ਪਾ ਕੇ ਉਨ੍ਹਾਂ ਨੂੰ ਤਾਅਨਾ ਮਾਰਿਆ ਹੈ। ਸੁਨੀਲ ਜਾਖੜ ਨੂੰ ਟੈਗ ਕਰਦੇ ਹੋਏ ਰਾਜਾ ਵੜਿੰਗ ਨੇ ਲਿਖਿਆ ਕਿ ਸ਼੍ਰੀਮਾਨ ਸੁਨੀਲ ਜਾਖੜ ਆਲ ਦ ਬੈਸਟ, ਵੇਅਰ ਦ ਨੈਕਸਟ ?
2 ਸਾਲ ਪਹਿਲਾਂ ਪਾਰਟੀ 'ਚ ਹੋਏ ਸਨ ਸ਼ਾਮਲ
ਸੁਨੀਲ ਜਾਖੜ ਨੇ ਕਾਂਗਰਸ ਤੋਂ ਨਾਰਾਜ਼ ਹੋ ਕੇ ਸਾਲ 2022 'ਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਹ 19 ਮਈ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ 'ਚ ਪਾਰਟੀ 'ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ।