ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਕੀਤੀ ਗਈ ਹੈ। ਹਾਲਾਂਕਿ, ਈਡੀ ਨੇ ਰਾਜ ਕੁੰਦਰਾ 'ਤੇ ਹੀ ਨਹੀਂ ਬਲਕਿ ਪੋਰਨੋਗ੍ਰਾਫੀ ਮਾਮਲੇ ਨਾਲ ਜੁੜੇ ਹੋਰ ਲੋਕਾਂ 'ਤੇ ਵੀ ਛਾਪੇਮਾਰੀ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਰਾਜ ਕੁੰਦਰਾ 2 ਮਹੀਨੇ ਰਹੇ ਸਲਾਖਾਂ ਪਿੱਛੇ
ਸਾਲ 2021 'ਚ ਰਾਜ ਕੁੰਦਰਾ 'ਤੇ ਕਥਿਤ ਤੌਰ 'ਤੇ ਪੋਰਨੋਗ੍ਰਾਫੀ ਮਾਮਲੇ 'ਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ, ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਾਜ ਕੁੰਦਰਾ 2 ਮਹੀਨੇ ਤੱਕ ਸਲਾਖਾਂ ਪਿੱਛੇ ਰਿਹਾ ਅਤੇ ਆਖਰਕਾਰ ਸਤੰਬਰ 2021 ਤੋਂ ਜ਼ਮਾਨਤ 'ਤੇ ਬਾਹਰ ਹੈ।
15 ਥਾਵਾਂ ‘ਤੇ ਹੋ ਰਹੀ ਹੈ ਛਾਪੇਮਾਰੀ
ਮੁੰਬਈ ਦੇ ਨਾਲ-ਨਾਲ ਉੱਤਰ ਪ੍ਰਦੇਸ਼ ‘ਚ ਕਰੀਬ 15 ਥਾਵਾਂ ‘ਤੇ ਤਲਾਸ਼ੀ ਜਾਰੀ ਹੈ। ਮੋਬਾਈਲ ਐਪਸ ਤੋਂ ਇਲਾਵਾ, ਹੋਰ ਮਾਧਿਅਮਾਂ ਦੀ ਵੀ ਖੋਜ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਰਾਜ ਕੁੰਦਰਾ ਈ ਡੀ ਦੇ ਚੁੰਗਲ ਵਿੱਚ ਫਸ ਚੁੱਕੇ ਹਨ। ਪੋਰਨੋਗ੍ਰਾਫੀ ਤੋਂ ਇਲਾਵਾ ਰਾਜ ਕੁੰਦਰਾ ਇਸ ਸਮੇਂ ਅਜੇ ਭਾਰਦਵਾਜ ਨਾਲ ਜੁੜੇ ਬਿਟਕੁਆਇਨ ਧੋਖਾਧੜੀ ਮਾਮਲੇ ਵਿੱਚ ਵੀ ਆਰੋਪੀ ਹਨ, ਜਿਸ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਇੱਕ ਵੱਖਰੀ ਮਨੀ ਲਾਂਡਰਿੰਗ ਜਾਂਚ ਚੱਲ ਰਹੀ ਹੈ। ਈਡੀ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ ਦੇ ਘਰ ਦੇ ਨਾਲ-ਨਾਲ ਉਨ੍ਹਾੰ ਦੇ ਦਫ਼ਤਰ ਅਤੇ ਉਨ੍ਹਾਂ ਦੇ ਸਾਥੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।