ਜਲੰਧਰ/ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਸ਼ਹਿਰ ਵਿੱਚ ਐਮਰਜੈਂਸੀ ਰਿਸਪਾਂਸ ਸਿਸਟਮ ਲਾਗੂ ਕਰ ਦਿੱਤਾ ਹੈ। ਸੋਮਵਾਰ ਦੁਪਹਿਰ ਨੂੰ ਹੋਈ ਮੀਟਿੰਗ ਵਿੱਚ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ 21 ਨਵੇਂ ਵਨ-ਵੇਅ ਜ਼ੋਨਾਂ ਦੀ ਸੂਚੀ ਜਾਰੀ ਕੀਤੀ, ਜਿਸ ਨੂੰ ਨੋ ਟਾਲਰੈਂਸ ਦਾ ਨਾਂ ਦਿੱਤਾ ਗਿਆ। ਇਹ ਸੂਚੀ ਜ਼ੋਨ ਇੰਚਾਰਜਾਂ ਨੂੰ ਸੌਂਪੀ ਗਈ ਹੈ ਅਤੇ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਜੇਕਰ ਕੋਈ ਇਸ ਸੂਚੀ ਵਿੱਚ ਦਿੱਤੇ ਵਨ-ਵੇ ਜ਼ੋਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਹਰ ਹਾਲਤ ਵਿੱਚ ਕਾਰਵਾਈ ਕੀਤੀ ਜਾਵੇ।
ਧਾਰਾ 144 ਲਾਗੂ
ਡੀਸੀਪੀ ਲਾਅ ਐਂਡ ਆਰਡਰ ਅੰਕੁਰ ਗੁਪਤਾ ਨੇ ਧਾਰਾ 144 ਲਾਗੂ ਕਰਦਿਆਂ ਕਿਹਾ ਹੈ ਕਿ 5 ਫਰਵਰੀ 2024 ਤੱਕ ਸ਼ਹਿਰ ਵਿੱਚ ਨਾਜਾਇਜ਼ ਬੋਰਡ, ਸਾਈਨ ਬੋਰਡ, ਫੁੱਟਪਾਥਾਂ ’ਤੇ ਰੇਹੜੀਆਂ, ਦੁਕਾਨਾਂ ਦੇ ਬਾਹਰ ਸਾਮਾਨ ਅਤੇ ਪਾਰਕਿੰਗ ਨਾ ਕੀਤੀ ਜਾਵੇ। ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕੀਤਾ ਜਾਵੇਗਾ ਕਿਉਂਕਿ ਇਹ ਚੀਜ਼ਾਂ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ ਅਤੇ ਪੈਦਲ ਚੱਲਣ ਵਾਲਿਆਂ ਨਾਲ ਸੜਕ 'ਤੇ ਹਾਦਸੇ ਹੋ ਰਹੇ ਹਨ।
ਸ਼ਹਿਰ 'ਚ ਸਪੀਕਰਾਂ ਰਾਹੀਂ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ
ਨੋਟੀਫਿਕੇਸ਼ਨ ਜਾਰੀ ਕਰਦਿਆਂ ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਟਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦਾ ਸਹਿਯੋਗ ਲਿਆ ਜਾਵੇਗਾ। ਆਪਣੇ ਵਾਹਨਾਂ ਵਿੱਚ ਸਪੀਕਰ ਲਗਾ ਕੇ ਲੋਕਾਂ ਨੂੰ ਇਨ੍ਹਾਂ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ 21 ਨਵੇਂ ਵਨ-ਵੇਅ ਜ਼ੋਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
21 ਵਨ-ਵੇਅ ਜ਼ੋਨ ਤਿਆਰ ਕੀਤੇ ਗਏ ਹਨ, ਜੋ ਨੋ ਟਾਲਰੈਂਸ ਵਜੋਂ ਜਾਣੇ ਜਾਣਗੇ।
1- ਵੇਰਕਾ ਮਿਲਕ ਪਲਾਂਟ ਤੋਂ ਇੰਡਸਟਰੀਅਲ ਏਰੀਆ ਤੱਕ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਅਤੇ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਭਾਰੀ ਵਾਹਨਾਂ ਦੀ ਪੂਰਨ ਮਨਾਹੀ। ਅੰਡਰਪਾਸ ਛੋਟਾ ਹੋਣ ਕਾਰਨ ਹਰ ਰੋਜ਼ ਟ੍ਰੈਫਿਕ ਜਾਮ ਹੁੰਦਾ ਹੈ।
2- ਵਾਈ-ਪੁਆਇੰਟ ਭਗਤ ਸਿੰਘ ਕਲੋਨੀ ਤੋਂ ਸੰਜੇ ਗਾਂਧੀ ਨਗਰ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ।
3- ਲੰਮਾ ਪਿੰਡ ਚੌਕ ਤੋਂ ਇੰਡਸਟਰੀਅਲ ਏਰੀਆ ਤੱਕ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ। ਕਿਉਂਕਿ ਇਸ ਸਮੇਂ ਫੈਕਟਰੀਆਂ ਵਿੱਚ ਮਜ਼ਦੂਰਾਂ ਨੂੰ ਛੁੱਟੀ ਹੁੰਦੀ ਹੈ ਅਤੇ ਟ੍ਰੈਫਿਕ ਜਾਮ ਹੁੰਦਾ ਹੈ।
4- ਫੋਕਲ ਪੁਆਇੰਟ ਤੋਂ ਇੰਡਸਟਰੀਅਲ ਏਰੀਆ ਅੰਡਰਪਾਸ ਤੱਕ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ। ਕਿਉਂਕਿ ਸਾਰਾ ਟਰੈਫਿਕ ਟਰਾਂਸਪੋਰਟ ਨਗਰ ਤੋਂ ਨਿਕਲਦਾ ਹੈ।
5- ਪਠਾਨਕੋਟ ਚੌਕ ਤੋਂ ਰੇਰੂ ਚੌਕ ਚੁੰਗੀ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ।
6- ਰਾਮਾ ਮੰਡੀ ਫਲਾਈਓਵਰ ਤੋਂ ਕਾਕੀ ਪਿੰਡ ਚੌਕ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ।
7- ਜੌਹਲ ਮਾਰਕੀਟ ਚੌਕ ਵਿੱਚ ਰੈਸਟੋਰੈਂਟਾਂ ਅਤੇ ਖਾਣ-ਪੀਣ ਵਾਲੀਆਂ ਰੇਹੜੀਆਂ ਕਾਰਨ ਟ੍ਰੈਫਿਕ ਜਾਮ ਰਹਿੰਦਾ ਹੈ। ਇਸ ਕਾਰਨ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ।
8- ਏਪੀਜੇ ਸਕੂਲ ਨੇੜੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ 3.30 ਵਜੇ ਤੱਕ।
9-ਗੁਰੂ ਨਾਨਕ ਮਿਸ਼ਨ ਚੌਕ ਤੋਂ ਮਿਲਕਬਾਰ ਚੌਕ ਤੱਕ, ਡੀ ਮਾਰਟ ਅਤੇ ਸ਼ਾਪਿੰਗ ਮਾਲ ਨੇੜੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ।
10- ਬਖਸ਼ੀ ਵਰਕਸ਼ਾਪ ਤੋਂ ਪੀਪੀਆਰ ਮਾਲ ਤੱਕ ਸ਼ਾਮ 5 ਵਜੇ ਤੋਂ 8 ਵਜੇ ਤੱਕ।
11-ਦੁਲਹਨ ਪੈਲੇਸ ਤੋਂ ਵਾਈਟ ਡਾਇਮੰਡ ਚੌਕ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ।
12-ਮਾਤਾ ਰਾਣੀ ਚੌਕ ਤੋਂ ਬਬਰੀਕ ਚੌਕ ਤੱਕ ਸਵੇਰੇ 8 ਵਜੇ ਤੋਂ 11 ਵਜੇ ਤੱਕ ਅਤੇ ਸ਼ਾਮ 5 ਤੋਂ ਰਾਤ 9 ਵਜੇ ਤੱਕ।
13-ਝੰਡਿਆਂ ਵਾਲਾ ਪੀਰ ਤੋਂ ਕਾਰ ਬਾਜ਼ਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
14-ਗਿੱਲ ਗਾਖਲ ਨਹਿਰ ਪੁਲੀ ਤੋਂ ਬਸਤੀ ਪੀਰਦਾਦ ਚੌਂਕ ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ।
15-ਪੀਐਨਬੀ ਚੌਕ ਤੋਂ ਬਸਤੀ ਅੱਡਾ ਚੌਕ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ।
16-ਬਸਤੀ ਅੱਡਾ ਚੌਕ ਤੋਂ ਲਕਸ਼ਮੀ ਨਰਾਇਣ ਮੰਦਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
17-ਜੇਲ੍ਹ ਚੌਕ ਤੋਂ ਪੁਰਾਣੀ ਸਬਜ਼ੀ ਮੰਡੀ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ।
18-ਬੀ.ਐਸ.ਐਫ ਚੌਕ ਤੋਂ ਕਮਲ ਪੈਲੇਸ ਅਤੇ ਕਮਲ ਪੈਲੇਸ ਤੋਂ ਕਚਹਿਰੀ ਚੌਕ ਤੱਕ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
19-ਕਚਹਿਰੀ ਚੌਕ ਤੋਂ ਟੀ ਪੁਆਇੰਟ ਕਾਂਗਰਸ ਭਵਨ ਤੱਕ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ।
20-ਮਦਨ ਫਿਲੌਰ ਤੋਂ ਰੇਲਵੇ ਸਟੇਸ਼ਨ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ।
21-ਅੱਡਾ ਹੁਸ਼ਿਆਰਪੁਰ ਤੋਂ ਭਗਤ ਸਿੰਘ ਚੌਕ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ।
ਇਨ੍ਹਾਂ 21 ਥਾਵਾਂ ਨੂੰ ਜਿਥੇ ਟਰੈਫਿਕ ਪੁਲਸ ਨੇ ਵਨ ਵੇ ਜ਼ੋਨ ਐਲਾਨਿਆ ਹੈ, ਉਥੇ ਹੀ ਨੋ ਟਾਲਰੈਂਸ ਜ਼ੋਨ ਵੀ ਐਲਾਨਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਥਾਵਾਂ 'ਤੇ ਗਲਤ ਪਾਰਕਿੰਗ ਕਰਨਾ ਅਤੇ ਵਾਹਨ ਲੈ ਕੇ ਜਾਣਾ ਲੋਕਾਂ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਜੁਰਮਾਨੇ ਦੇ ਨਾਲ ਐਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ।