ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਵਿਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਣ ਦੀ ਜਾਣਕਾਰੀ ਮਿਲੀ ਹੈ, ਜਿਥੇ ਕਿ ਅਟਾਰੀ ਸਰਹੱਦ ਦੇ ਨੇੜੇ ਸਥਿਤ ਪੁਰਾਤਨ ਸਰਕਾਰੀ ਬਾਗ ਦੇ ਪਿਛਲੇ ਪਾਸੇ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ, ਜਿਸ ਵਿਚ ਇਕ ਬਦਮਾਸ਼ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਗੋਲੀਆਂ ਚਲਾਉਂਦਾ ਹੋਇਆ ਪੁਲਸ ਗ੍ਰਿਫਤ ਵਿਚੋਂ ਹੋਇਆ ਸੀ ਫਰਾਰ
ਇਸ ਬਾਰੇ ਡੀ.ਐਸ.ਪੀ. ਅਟਾਰੀ ਲਖਵਿੰਦਰ ਸਿੰਘ ਕਲੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਬਦਮਾਸ਼ ਹਰਪ੍ਰੀਤ ਸਿੰਘ ਹੈਪੀ ਪੁੱਤਰ ਸੁੱਖਾ ਸਿੰਘ ਵਾਸੀ ਅਟਾਰੀ ਜੋ ਕਿ ਪਿਛਲੇ ਦਿਨੀਂ ਅਟਾਰੀ ਦੇ ਨੇੜੇ ਪਿੰਡ ਨੇਸ਼ਟਾ ਵਿਖੇ ਪੁਲਸ ਨਾਕੇ ਉਤੋਂ ਗੋਲੀਆਂ ਚਲਾਉਂਦਾ ਹੋਇਆ ਪੁਲਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਸੀ। ਇਸ ਦੌਰਾਨ ਇਕ ਰਾਹ ਜਾਂਦੇ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਦੀ ਭਾਲ ਵਿਚ ਸਥਾਨਕ ਪੁਲਿਸ ਘਰਿੰਡਾ ਦੀ ਪੁਲਿਸ ਪਾਰਟੀ ਉਸੇ ਦਿਨ ਤੋਂ ਹੀ ਹਰਪ੍ਰੀਤ ਸਿੰਘ ਹੈਪੀ ਨੂੰ ਫੜਨ ਲਈ ਉਸ ਦਾ ਪਿੱਛਾ ਕਰ ਰਹੀ ਸੀ।
ਪੁਲਸ ਉਤੇ ਕੀਤੀ ਸੀ ਫਾਇਰਿੰਗ
ਪੁਲਸ ਨੇ ਦੱਸਿਆ ਕਿ ਅੱਜ ਉਕਤ ਬਦਮਾਸ਼ ਹਰਪ੍ਰੀਤ ਸਿੰਘ ਹੈਪੀ, ਜੋ ਕਿ ਭਾਰਤ ਪਾਕਿਸਤਾਨ ਸਰਹੱਦ ’ਤੇ ਭਾਰਤੀ ਅਟਾਰੀ ਸਰਹੱਦ ਦੇ ਨਜ਼ਦੀਕ ਬਾਗ ਦੇ ਪਿਛਲੇ ਪਾਸੇ ਲੁਕਿਆ ਹੋਇਆ ਸੀ, ਇਸ ਬਾਰੇ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਕਰ ਕੇ ਇਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਅੱਜ ਫਿਰ ਪੁਲਸ ’ਤੇ ਫਾਇਰਿੰਗ ਕਰ ਦਿੱਤੀ। ਇਸ ਲਈ ਪੁਲਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ। ਇਸ ਦੌਰਾਨ ਬਦਮਾਸ਼ ਦੀ ਲੱਤ ਵਿਚ ਗੋਲੀ ਵੱਜਣ ਕਾਰਣ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਗ੍ਰਿਫਤਾਰ ਕਰ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।