ਤਰਨਤਾਰਨ ਵਿੱਚ ਬੀਤੀ ਰਾਤ ਸੀਆਈਏ ਸਟਾਫ਼ ਤੇ ਇੱਕ ਬਦਮਾਸ਼ ਦਰਮਿਆਨ ਫਾਇਰਿੰਗ ਹੋਈ। ਇਸ ਮੁਕਾਬਲੇ 'ਚ ਬਦਮਾਸ਼ ਯੁਵਰਾਜ ਸਿੰਘ ਦੀ ਲੱਤ 'ਚ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ। ਮੁਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਉਕਤ ਬਦਮਾਸ਼ ਗੈਂਗਸਟਰ ਹਰਪ੍ਰੀਤ ਬਾਬਾ ਦੀ ਗੈਂਗ ਦਾ ਮੈਂਬਰ ਹੈ।
ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਪ੍ਰੀਤ ਸਿੰਘ ਬਾਬਾ ਗੈਂਗ ਦਾ ਮੈਂਬਰ ਯੁਵਰਾਜ ਸਿੰਘ ਤਰਨਤਾਰਨ 'ਚ ਬਾਈਕ 'ਤੇ ਘੁੰਮ ਰਿਹਾ ਹੈ। ਇਸ ਤੋਂ ਬਾਅਦ ਪੁਲਸ ਨੇ ਉਸ ਦਾ ਪਿੱਛਾ ਕੀਤਾ। ਜਮਸਤਪੁਰ ਪਿੰਡ ਦੇ ਰੋਹੀ ਪੁਲ ਕੋਲ ਪੁਲਸ ਨੂੰ ਦੇਖ ਕੇ ਉਸ ਨੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਜਵਾਬੀ ਗੋਲੀਬਾਰੀ ਕੀਤੀ ਗਈ ਅਤੇ ਉਸ ਦੀ ਲੱਤ 'ਚ ਗੋਲੀ ਲੱਗੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਹਥਿਆਰ ਅਤੇ ਮੈਗਜ਼ੀਨ ਬਰਾਮਦ
ਕਾਬੂ ਕੀਤੇ ਮੁਲਜ਼ਮ ਕੋਲੋਂ ਪੁਲਸ ਨੇ 45 ਬੋਰ ਦਾ ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।