ਖਬਰਿਸਤਾਨ ਨੈੱਟਵਰਕ - ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ "ਜਾਟ" ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਜਿੱਥੇ ਕੁਝ ਲੋਕ ਇਸ ਫਿਲਮ ਨੂੰ ਪਸੰਦ ਕਰ ਰਹੇ ਹਨ, ਉੱਥੇ ਹੀ ਈਸਾਈ ਭਾਈਚਾਰੇ ਦੇ ਲੋਕ ਫਿਲਮ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ, ਸੰਨੀ ਦਿਓਲ ਵਿਰੁੱਧ ਜਲੰਧਰ ਦੇ ਸਦਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਅਦਾਕਾਰ ਦੇ ਨਾਲ-ਨਾਲ ਰਣਦੀਪ ਹੁੱਡਾ ਅਤੇ 5 ਹੋਰਾਂ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਗਈ ਹੈ।
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ
ਈਸਾਈ ਭਾਈਚਾਰੇ ਦੀ ਸ਼ਿਕਾਇਤ 'ਤੇ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ, ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਈਸਾਈ ਭਾਈਚਾਰੇ ਦੋ ਲੋਕਾਂ ਦਾ ਦੋਸ਼ ਹੈ ਕਿ ਫਿਲਮ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਵਿੱਚ ਕਈ ਅਜਿਹੇ ਦ੍ਰਿਸ਼ ਦਿਖਾਏ ਗਏ ਹਨ ਜੋ ਗਲਤ ਹਨ। ਇਸ ਤੋਂ ਇਲਾਵਾ ਮਸੀਹ ਭਾਈਚਾਰੇ ਨੇ ਕਿਹਾ ਕਿ ਰਣਦੀਪ ਹੁੱਡਾ ਨੇ ਯਿਸੂ ਮਸੀਹ ਦਾ ਨਿਰਾਦਰ ਕੀਤਾ। ਲੋਕਾਂ ਨੇ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਇਹ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਈ ਸੀ
ਫਿਲਮ ਜਾਟ 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਜਿਸ ਤੋਂ ਬਾਅਦ ਇਹ ਫਿਲਮ ਵਿਵਾਦਾਂ ਵਿੱਚ ਘਿਰ ਗਈ ਅਤੇ ਜਲੰਧਰ ਵਿੱਚ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਮੰਗਲਵਾਰ ਨੂੰ ਵਿੱਕੀ ਗੋਲਡੀ ਨਾਮ ਦੇ ਇੱਕ ਨੌਜਵਾਨ ਨੇ ਜਾਟ ਫਿਲਮ ਸਬੰਧੀ ਜਲੰਧਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਕਿਹਾ ਗਿਆ ਕਿ ਫਿਲਮ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋ ਦਿਨਾਂ ਦੇ ਅੰਦਰ ਐਫਆਈਆਰ ਦਰਜ ਕੀਤੀ ਜਾਵੇ ਨਹੀਂ ਤਾਂ ਉਹ ਸਿਨੇਮਾਘਰਾਂ ਦਾ ਘਿਰਾਓ ਕਰਨਗੇ ਅਤੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਨਗੇ। ਦੋ ਦਿਨਾਂ ਦੇ ਅੰਦਰ, ਪੁਲਿਸ ਨੇ ਅਦਾਕਾਰ ਵਿਰੁੱਧ ਸੀਆਰਪੀਸੀ ਦੀ ਧਾਰਾ 299 ਦੇ ਤਹਿਤ ਸ਼ਿਕਾਇਤ ਦਰਜ ਕਰ ਲਈ।