ਜਲੰਧਰ-ਪਠਾਨਕੋਟ ਹਾਈਵੇ 'ਤੇ ਹੁਸ਼ਿਆਰਪੁਰ ਦੇ ਮੁਕੇਰੀਆਂ ਨੇੜੇ ਤੇਜ਼ ਰਫਤਾਰ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਚਾਰ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਅੰਦਰ ਬੈਠੇ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਲਿਆ ਗਿਆ ਪਰ ਉਨ੍ਹਾਂ ਦੀ ਮੌਤ ਸੜ ਜਾਣ ਕਾਰਣ ਹੋ ਚੁੱਕੀ ਸੀ। ਹਾਦਸੇ 'ਚ ਟਰੱਕ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਦੌਰਾਨ ਸਾਰੇ ਪੰਜ ਦੋਸਤ ਕਾਰ ਵਿੱਚ ਹੀ ਫਸ ਗਏ। ਉਨ੍ਹਾਂ ਨੂੰ ਬਾਹਰ ਕੱਢਣ ਲਈ ਸਥਾਨਕ ਲੋਕਾਂ ਨੇ ਕਾਫੀ ਜੱਦੋ ਜਹਿਦ ਕੀਤੀ। ਕਾਰ ਦੇ ਦਰਵਾਜ਼ੇ ਤੋੜੇ ਗਏ ਜਦੋਂ ਕਿ ਅੱਗ ਲੱਗੀ ਹੋਈ ਸੀ। ਲੋਕਾਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਤਿੰਨ ਨੌਜਵਾਨ ਬਾਹਰ ਸੜਕ 'ਤੇ ਡਿੱਗ ਪਏ ਸਨ। ਦੱਸਿਆ ਜਾ ਰਿਹਾ ਹੈ ਕਿ ਕਾਰ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਇਸ ਕਾਰਨ ਟੱਕਰ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ। ਟੱਕਰ ਤੋਂ ਬਾਅਦ ਟਰੱਕ ਡਰਾਈਵਰ ਵੀ ਬੇਹੋਸ਼ ਹੋ ਗਿਆ ਅਤੇ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗ ਗਈ।
ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਨੌਜਵਾਨ ਕਿੱਥੋਂ ਆ ਰਹੇ ਹਨ ਅਤੇ ਕਿੱਥੇ ਜਾ ਰਹੇ ਸਨ। ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।