ਲੁਧਿਆਣਾ ਵਿੱਚ ਦੀਵਾਲੀ ਵਾਲੀ ਰਾਤ ਪਟਾਕਿਆਂ ਕਾਰਨ ਅੱਗ ਲੱਗਣ ਦੀਆਂ 45 ਘਟਨਾਵਾਂ ਸਾਹਮਣੇ ਆਈਆਂ। ਅੱਗ ਬੁਝਾਉਣ ਲਈ 35 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ। ਕਰੀਬ 100 ਫਾਇਰ ਕਰਮੀ ਅਤੇ ਅਧਿਕਾਰੀ ਪੂਰੀ ਰਾਤ ਡਿਊਟੀ 'ਤੇ ਰਹੇ। ਬੀਤੀ ਰਾਤ ਪਿੰਡ ਜਰਖੜ ਵਿੱਚ ਅੱਗ ਲੱਗਣ ਦੀ ਸਭ ਤੋਂ ਵੱਡੀ ਘਟਨਾ ਦੇਖਣ ਨੂੰ ਮਿਲੀ ਜੋ ਕਿ ਗੁਰਦੁਆਰਾ ਆਲਮਗੀਰ ਸਾਹਿਬ ਦੇ ਨੇੜੇ ਸਥਿਤ ਹੈ।
ਅੱਗ ਲੱਗਣ ਕਾਰਣ ਲੱਖਾਂ ਦਾ ਨੁਕਸਾਨ
ਜਾਣਕਾਰੀ ਅਨੁਸਾਰ ਪਿੰਡ ਜਰਖੜ ਵਿੱਚ ਪਲਾਸਟਿਕ ਦੇ ਸਮਾਨ ਦਾ ਗੋਦਾਮ ਹੈ ਜਿੱਥੇ ਪਟਾਕੇ ਦੀ ਚੰਗਿਆੜੀ ਕਾਰਨ ਅੱਗ ਲੱਗ ਗਈ। ਅੱਗ ਬੁਝਾਉਣ ਲਈ ਲੋਕ ਖੁਦ ਇਕੱਠੇ ਹੋ ਗਏ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਰਾਤ 12 ਵਜੇ ਤੱਕ ਪਿੰਡ ਜਰਖੜ 'ਚ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਡਿਊਟੀ 'ਤੇ ਰਹੇ | ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ।
ਪੁਲਸ ਲਾਈਨ 'ਚ ਲੱਗੀ ਅੱਗ
ਦੂਜੇ ਪਾਸੇ ਪੁਲਸ ਲਾਈਨ ਵਿੱਚ ਵੀ ਭਾਰੀ ਅੱਗ ਲੱਗ ਗਈ। ਪਟਾਕਿਆਂ ਦੀਆਂ ਚੰਗਿਆੜੀਆਂ ਪੁਲਸ ਲਾਈਨ ਵਿੱਚ ਬੰਦ ਗੱਡੀਆਂ ’ਤੇ ਡਿੱਗ ਪਈਆਂ। ਇਸ ਤੋਂ ਬਾਅਦ ਅੱਗ ਕੁਝ ਦੇਰ 'ਚ ਹੀ ਫੈਲ ਗਈ ਅਤੇ ਵੱਡੀ ਗਿਣਤੀ 'ਚ ਵਾਹਨ ਸੜ ਗਏ। ਪੁਲਸ ਅਧਿਕਾਰੀਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਘਰ ਵਿਚ ਫਟਿਆ ਸਿਲੰਡਰ
ਦੱਸਿਆ ਜਾ ਰਿਹਾ ਹੈ ਕਿ ਸੈਕਟਰ 32 ਸਥਿਤ ਐਲਆਈਜੀ ਫਲੈਟ ਨੇੜੇ ਸਿਲੰਡਰ ਫਟ ਗਿਆ। ਜਾਣਕਾਰੀ ਅਨੁਸਾਰ ਸੁਮਿਤ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਪਤਨੀ ਨਾਲ ਫਲੈਟ ਨੰਬਰ 551 ਵਿੱਚ ਰਹਿੰਦਾ ਹੈ। ਘਟਨਾ ਸਮੇਂ ਉਸ ਦੀ ਪਤਨੀ ਰਿਸ਼ਤੇਦਾਰਾਂ ਨੂੰ ਮਿਲਣ ਕਿਤੇ ਗਈ ਹੋਈ ਸੀ। ਜਦੋਂ ਉਹ ਆਪਣੀ ਮਾਂ ਨਾਲ ਗਲੀ ਵਿੱਚ ਖੜ੍ਹਾ ਸੀ। ਅਚਾਨਕ ਘਰ ਵਿਚ ਜ਼ੋਰਦਾਰ ਧਮਾਕਾ ਹੋਇਆ। ਉਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਕਿ ਉਥੇ ਪਿਆ ਗੈਸ ਸਿਲੰਡਰ ਫਟਿਆ ਹੋਇਆ ਸੀ।
ਜਾਣਕਾਰੀ ਮੁਤਾਬਕ ਅੱਗ ਦੀ ਲਪਟ ਪੂਰੇ ਘਰ 'ਚ ਫੈਲ ਗਈ। ਮਾਮਲੇ ਦੀ ਸੂਚਨਾ ਸਥਾਨਕ ਪੁਲਸ ਨੂੰ ਵੀ ਦਿੱਤੀ ਗਈ। ਸੁਮਿਤ ਨੇ ਦੱਸਿਆ ਕਿ ਉਸ ਦਾ ਪੂਰਾ ਘਰ ਸੜ ਗਿਆ ਹੈ। ਇਸ ਦੇ ਨਾਲ ਹੀ ਮਕਾਨ ਦੀ ਛੱਤ ਵੀ ਟੁੱਟ ਗਈ। ਚਾਰ ਗੁਆਂਢੀ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ।
ਕਰੀਬ ਡੇਢ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ
ਟਿੱਬਾ ਰੋਡ 'ਤੇ ਗੁਰਮੇਲ ਪਾਰਕ ਨੇੜੇ ਪਲਾਸਟਿਕ ਫੈਕਟਰੀ ਦੇ ਗੋਦਾਮ 'ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹੇਠਲੀ ਮੰਜ਼ਿਲ ’ਤੇ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਮੁਤਾਬਕ ਪਲਾਸਟਿਕ ਦਾ ਇੰਨਾ ਜ਼ਿਆਦਾ ਸਾਮਾਨ ਸੀ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ 'ਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਇਲਾਕੇ ਦੀ ਬਿਜਲੀ ਬੰਦ ਕਰ ਕੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ।
ਟੈਕਸਟਾਈਲ ਫੈਕਟਰੀ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ
ਗੁਰੂ ਅਰਜੁਨ ਦੇਵ ਨਗਰ ਗਲੀ ਨੰਬਰ 6 ਵਿੱਚ ਸਥਿਤ ਕਿਡ ਏਡ ਨਾਂ ਦੀ ਕੱਪੜਾ ਫੈਕਟਰੀ ਦੀ ਤੀਜੀ ਮੰਜ਼ਿਲ ’ਤੇ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਹੌਜ਼ਰੀ ਦਾ ਸਾਮਾਨ ਅਤੇ ਕੁਝ ਮਸ਼ੀਨਾਂ ਨੁਕਸਾਨੀਆਂ ਗਈਆਂ ਹਨ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ।