ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੇ ਐਨਆਈਸੀਯੂ ਵਿੱਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ, ਜਦਕਿ 47 ਦੇ ਕਰੀਬ ਨਵਜੰਮੇ ਬੱਚਿਆਂ ਨੂੰ ਬਚਾ ਲਿਆ ਗਿਆ। ਘਟਨਾ ਰਾਤ ਕਰੀਬ 10:30 ਵਜੇ ਦੀ ਹੈ। ਆਕਸੀਜਨ ਕੰਸੈਂਟਰੇਟਰ 'ਚ ਸਪਾਰਕਿੰਗ ਕਾਰਨ ਪਹਿਲਾਂ ਅੱਗ ਲੱਗੀ ਅਤੇ ਫਿਰ ਧਮਾਕਾ ਹੋਇਆ। ਇਸ ਤੋਂ ਬਾਅਦ ਅੱਗ ਪੂਰੇ ਵਾਰਡ ਵਿੱਚ ਫੈਲ ਗਈ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਹਸਪਤਾਲ 'ਚ ਮਚੀ ਭਗਦੜ
ਅੱਗ ਲੱਗਣ ਤੋਂ ਬਾਅਦ ਹਸਪਤਾਲ 'ਚ ਭਗਦੜ ਮੱਚ ਗਈ। ਅੱਗ ਲੱਗਣ ਤੋਂ ਬਾਅਦ ਇੱਥੇ ਦਾਖਲ ਮਰੀਜ਼ਾਂ ਤੇ ਕਈ ਬੱਚਿਆਂ ਨੂੰ ਖਿੜਕੀਆਂ ਤੋੜ ਕੇ ਬਾਹਰ ਕੱਢਿਆ ਗਿਆ। ਝਾਂਸੀ ਦੇ ਕਮਿਸ਼ਨਰ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ, ਜਿਸ 'ਚ 10 ਬੱਚਿਆਂ ਦੀ ਮੌਤ ਹੋ ਗਈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
ਜਿਵੇਂ ਹੀ ਸੀਐਮ ਯੋਗੀ ਆਦਿਤਿਆਨਾਥ ਨੂੰ ਇਸ ਘਟਨਾ ਦਾ ਪਤਾ ਲੱਗਾ, ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਬਚਾਅ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਸੀਂ ਭਗਵਾਨ ਸ਼੍ਰੀ ਰਾਮ ਅੱਗੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦੇ ਹਾਂ। ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ। ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।
ਅੱਗ ਕਿਵੇਂ ਲੱਗੀ?
ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਕਾਰਨ ਉਥੇ ਪਿਆ ਸਿਲੰਡਰ ਵੀ ਫਟ ਗਿਆ ਅਤੇ ਵੱਡਾ ਹਾਦਸਾ ਵਾਪਰ ਗਿਆ। ਜੇਕਰ ਹਸਪਤਾਲ ਵਿੱਚ ਇਹ ਦੋ ਚੀਜਾਂ ਹੁੰਦੀਆਂ ਤਾਂ 10 ਮਾਸੂਮ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਸੁਰੱਖਿਆ ਉਪਕਰਣ
ਰਿਪੋਰਟਾਂ ਮੁਤਾਬਕ ਅੱਗ ਲੱਗਣ ਤੇ ਸਿਲੰਡਰ ਫੱਟਣ ਦੀ ਜਾਣਕਾਰੀ ਸਟਾਫ ਨੂੰ ਨਹੀਂ ਮਿਲ ਸਕੀ, ਕਿਉਂਕਿ ਹਸਪਤਾਲ ਦੇ ਅਲਾਰਮ ਖਰਾਬ ਸਨ | ਜੇਕਰ ਅਲਾਰਮ ਵੱਜ ਗਿਆ ਹੁੰਦਾ ਤਾਂ ਸਟਾਫ ਬੱਚਿਆਂ ਸਮੇਤ ਬਾਹਰ ਆ ਸਕਦਾ ਸੀ। ਧੂੰਆਂ ਨਿਕਲਦਾ ਦੇਖ ਕੇ ਅਲਾਰਮ ਵੱਜ ਗਿਆ, ਉਦੋਂ ਤੱਕ ਸਥਿਤੀ ਕਾਬੂ ਤੋਂ ਬਾਹਰ ਹੋ ਚੁੱਕੀ ਸੀ। ਹਸਪਤਾਲ ਵਿੱਚ ਅੱਗ ਬੁਝਾਊ ਯੰਤਰ ਵੀ ਖਰਾਬ ਪਏ ਸਨ ਅਤੇ ਉਹ ਵੀ ਕੰਮ ਨਹੀਂ ਆਏ | ਜੇਕਰ ਹਸਪਤਾਲ ਦੇ ਅੰਦਰ ਵਧੀਆ ਅਤੇ ਕੰਮ ਕਰਨ ਵਾਲੇ ਸੁਰੱਖਿਆ ਉਪਕਰਨ ਹੁੰਦੇ ਤਾਂ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਸੀ।
ਦੂਜਾ ਐਮਰਜੈਂਸੀ ਗੇਟ
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ, ਝਾਂਸੀ ਦੇ ਬੱਚਿਆਂ ਦੇ ਵਾਰਡ ਵਿੱਚ ਇੱਕ ਹੀ ਐਮਰਜੈਂਸੀ (exit) ਗੇਟ ਸੀ। ਇਸ ਕਾਰਨ ਫਾਇਰ ਕਰਮਚਾਰੀ ਇਕ-ਇਕ ਕਰਕੇ ਅੰਦਰ ਚਲੇ ਗਏ ਅਤੇ ਇਕ ਸਮੇਂ ਵਿਚ 2-3 ਬੱਚਿਆਂ ਨੂੰ ਹੀ ਬਾਹਰ ਕੱਢ ਸਕੇ। ਜੇਕਰ ਵਾਰਡ ਵਿੱਚ ਦੂਸਰਾ ਨਿਕਾਸ ਗੇਟ ਹੁੰਦਾ ਤਾਂ ਹੋਰ ਫਾਇਰ ਕਰਮੀ ਜ਼ਿਆਦਾ ਗਿਣਤੀ 'ਚ ਅੰਦਰ ਜਾ ਸਕਦੇ ਸਨ ਤੇ ਜ਼ਿਆਦਾ ਬੱਚਿਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।