ਫਾਜ਼ਿਲਕਾ ਦੇ ਪਿੰਡ ਚੱਕ ਮਾਨਾਂਵਾਲਾ 'ਚ ਸਾਬਕਾ ਸਰਪੰਚ ਦੇ ਘਰ 'ਤੇ ਫਾਇਰਿੰਗ ਕੀਤੀ ਗਈ। ਇੰਨਾ ਹੀ ਨਹੀਂ ਦੋਸ਼ੀਆਂ ਨੇ ਸਰਪੰਚ ਦੀ ਕਾਰ ਨੂੰ ਅੱਗ ਲਗਾ ਦਿੱਤੀ। ਜਿਸ ਕਾਰਣ ਕਾਰ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਸ਼ੁੱਕਰਵਾਰ ਰਾਤ 1.30 ਵਜੇ ਦੋ ਦੋਸ਼ੀਆਂ ਨੇ ਅੰਜਾਮ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਰਾਣੀ ਰੰਜਿਸ਼ ਦਾ ਮਾਮਲਾ
ਘਟਨਾ ਸਬੰਧੀ ਸਾਬਕਾ ਸਰਪੰਚ ਅਨਿਲ ਕੁਮਾਰ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਘਰ ਦੇ ਬਾਹਰ ਸੀ.ਸੀ.ਟੀ.ਵੀ ਕੈਮਰੇ ਲਗਾਉਣ ਨੂੰ ਲੈ ਕੇ ਉਸ ਦੇ ਘਰ 'ਤੇ ਗੋਲੀ ਚਲਾਉਣ ਵਾਲੇ ਅਤੇ ਕਾਰ ਨੂੰ ਅੱਗ ਲਾਉਣ ਵਾਲੇ ਵਿਅਕਤੀ ਨਾਲ ਬਹਿਸ ਹੋ ਗਈ ਸੀ।
ਪਹਿਲਾਂ ਘਰ 'ਚ ਦਾਖਲ ਹੋ ਕੇ ਕਾਰ ਨੂੰ ਅੱਗ ਲਗਾ ਦਿੱਤੀ, ਫਿਰ ਗੋਲੀਆਂ ਚਲਾਈਆਂ
ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮਾਂ ਨੇ ਸੀਸੀਟੀਵੀ ਕੈਮਰੇ ਲਾਉਣ ਦਾ ਵਿਰੋਧ ਕੀਤਾ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਅਤੇ ਪਿੰਡ ਵਿੱਚ ਪੰਚਾਇਤ ਵੀ ਬੁਲਾਈ ਗਈ ਪਰ ਦੋਸ਼ੀ ਵਿਅਕਤੀ ਪੰਚਾਇਤ ਵਿੱਚ ਨਹੀਂ ਆਇਆ। ਇਸ ਕਾਰਨ ਉਸ ਨੇ ਪਹਿਲਾਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਟੇਪ ਕਰ ਲਿਆ। ਇਸ ਤੋਂ ਬਾਅਦ ਉਸ ਨੇ ਪਹਿਲਾਂ ਘਰ 'ਚ ਦਾਖਲ ਹੋ ਕੇ ਅੱਗ ਲਗਾ ਦਿੱਤੀ ਅਤੇ ਫਿਰ ਗੋਲੀ ਚਲਾ ਕੇ ਫਰਾਰ ਹੋ ਗਿਆ।
ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਪੀੜਤ ਸਰਪੰਚ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪੁਲਸ ਅਧਿਕਾਰੀ ਨਵਦੀਪ ਭੱਟੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।