ਲੁਧਿਆਣਾ 'ਚ ਬੀਐਮਡਬਲਿਊ ਕਾਰ 'ਚ ਘਰ ਜਾ ਰਹੇ ਕੱਪੜਾ ਕਾਰੋਬਾਰੀ ਦੇ ਬੇਟੇ 'ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਤੋਂ ਬਾਅਦ ਕਾਰੋਬਾਰੀ ਦੇ ਬੇਟੇ ਨੇ ਤੇਜ਼ ਰਫਤਾਰ ਨਾਲ ਗੱਡੀ ਭਜਾ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਦੋਸਤਾਂ ਨਾਲ ਗਿਆ ਸੀ ਕੌਫੀ ਪੀਣ
ਕੱਪੜਾ ਕਾਰੋਬਾਰੀ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਲੜਕਾ ਗੈਰੀ ਆਪਣੇ ਦੋਸਤਾਂ ਨਾਲ ਕੌਫੀ ਪੀ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਬ੍ਰੇਜ਼ਾ ਕਾਰ 'ਚ ਆਏ ਬਦਮਾਸ਼ਾਂ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਉਸ ਨਾਲ ਗਾਲੀ-ਗਲੋਚ ਕਰਨ ਲੱਗੇ । ਇਸ ਤੋਂ ਬਾਅਦ ਉਨ੍ਹਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਬਦਮਾਸ਼ਾਂ ਨੇ 3 ਤੋਂ 4 ਗੋਲੀਆਂ ਚਲਾਈਆਂ
ਸੰਜੀਵ ਭਾਰਦਵਾਜ ਨੇ ਅੱਗੇ ਦੱਸਿਆ ਕਿ ਬਦਮਾਸ਼ਾਂ ਨੇ ਬੇਟੇ ਦੀ ਕਾਰ 'ਤੇ ਕਰੀਬ 3 ਤੋਂ 4 ਗੋਲੀਆਂ ਚਲਾਈਆਂ। ਗੋਲੀਆਂ ਕਾਰ ਨੂੰ ਛੂਹ ਕੇ ਨਿਕਲ ਗਈਆ। ਹਮਲਾਵਰਾਂ ਦੇ ਨਾਮ ਆਰਿਅਨ ਅਤੇ ਦੀਪਾਪੁਰ ਹਨ ਜੋ ਉਸਦੇ ਬੇਟੇ ਨਾਲ ਰੰਜਿਸ਼ ਰੱਖਦੇ ਹਨ। ਇਸ ਤੋਂ ਪਹਿਲਾਂ ਉਸ ਨੇ ਆਪਣੇ ਬੇਟੇ ਦੇ ਦੋਸਤਾਂ 'ਤੇ ਵੀ ਹਮਲਾ ਕੀਤਾ ਸੀ। ਜਦ ਪੁੱਤਰ ਉਨ੍ਹਾਂ ਦਾ ਗਵਾਹ ਬਣਿਆ , ਜਿਸ ਕਾਰਨ ਦੋਨੋਂ ਉਸ ਨੂੰ ਮਾਰਨਾ ਚਾਹੁੰਦੇ ਹਨ।
ਲੁਧਿਆਣੇ 'ਚ ਛੁੱਟੀਆਂ ਕੱਟਣ ਆਇਆ ਹੋਇਆ ਸੀ ਪੁੱਤਰ
ਸੰਜੀਵ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬੈਂਗਲੁਰੂ 'ਚ ਪੜ੍ਹਈ ਕਰਦਾ ਹੈ। ਉਹ ਕੁਝ ਸਮਾਂ ਪਹਿਲਾਂ ਇੱਥੇ ਛੁੱਟੀਆਂ ਬਿਤਾਉਣ ਆਇਆ ਸੀ। ਹਾਲ ਹੀ 'ਚ ਉਸ ਨੇ ਨਵੀਂ BMW ਕਾਰ ਖਰੀਦੀ ਹੈ, ਜਿਸ 'ਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ।