ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਹਾਲ ਵਿਚ ਲੰਗਰ ਬਣਾਉਣ ਦੀ ਸੇਵਾ ਕਰ ਰਹੇ ਸੇਵਾਦਾਰਾਂ ਤੇ ਸੰਗਤ ਦੀ ਸੁਰੱਖਿਆ ਦੇ ਮੱਦੇਨਜ਼ਰ ਕੜਾਹਿਆਂ ਉਤੇ ਜਾਲੇ ਲਵਾਏ ਗਏ।
ਜਾਣਕਾਰੀ ਅਨੁਸਾਰ ਪਿਛਲੇਂ ਦਿਨੀ ਕੜਾਹੇ ਵਿਚ ਡਿੱਗਣ ਨਾਲ ਸੇਵਾਦਾਰ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਕ ਵੱਡਾ ਫੈਸਲਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਹਾਲ ਦੇ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਅਤੇ ਸੰਗਤ ਦੇ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।
ਐਸਜੀਪੀਸੀ ਪ੍ਰਧਾਨ ਦੇ ਆਦੇਸ਼ਾਂ ਅਨੁਸਾਰ ਇਹ ਵੱਡਾ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਲੰਗਰ ਹਾਲ ਵਿੱਚ ਕੜਾਹੇ ਹਨ ਉਹਨਾਂ ਉਤੇ ਬਕਾਇਦਾ ਜੰਗਲੇ ਲਗਾਏ ਜਾ ਰਹੇ ਹਨ ਤੇ ਜਾਲੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਸੇਵਾਦਾਰ ਲੰਗਰ ਹਾਲ ਵਿੱਚ ਠੀਕ ਢੰਗ ਨਾਲ ਲੰਗਰ ਤਿਆਰ ਕਰ ਸਕਣ ਤੇ ਕੋਈ ਹਾਦਸਾ ਨਾ ਵਾਪਰ ਸਕੇ।
ਸੇਫਟੀ ਬੇਲਟਾਂ ਦਾ ਵੀ ਕੀਤਾ ਜਾਵੇਗਾ ਇੰਤਜ਼ਾਮ
ਉਨ੍ਹਾਂ ਕਿਹਾ ਕਿ ਇਸ ਲਈ ਸੇਫਟੀ ਬੈਲਟਾਂ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਹੈ, ਤਾਂ ਜੋ ਸੇਵਾਦਾਰ ਬੈਲਟ ਲਾ ਕੇ ਲੰਗਰ ਹਾਲ ਵਿੱਚ ਲੰਗਰ ਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਸੇਵਾਦਾਰਾਂ ਤੇ ਸੰਗਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।
ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਮਤਾ ਪਾਸ
ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਇਸ ਸਬੰਧੀ ਮਤਾ ਪਾਸ ਕੀਤਾ ਗਿਆ।
3 ਅਗਸਤ ਨੂੰ ਵਾਪਰੀ ਸੀ ਇਹ ਘਟਨਾ
ਦੱਸ਼ ਦੇਈਏ ਕਿ ਲੰਗਰ ਹਾਲ ਵਿਚ 3 ਅਗਸਤ ਨੂੰ ਆਲੂ ਉਬਾਲਦੇ ਸਮੇਂ ਕੜਾਹੇ ਚ ਡਿੱਗਣ ਨਾਲ ਸੇਵਾਦਾਰ ਬਲਬੀਰ ਸਿੰਘ ਬੁਰੀ ਤਰਾਂ ਝੁਲਸ ਗਏ ਸਨ, ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇੱਕ ਹਫਤੇ ਬਾਅਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਬਲਬੀਰ ਸਿੰਘ (50) ਗੁਰਦਾਸਪੁਰ ਦੇ ਧਾਰੀਵਾਲ ਦੇ ਰਹਿਣ ਵਾਲੇ ਸਨ। ਇਸ ਤਰ੍ਹਾਂ ਦਾ ਹਾਦਸਾ ਮੁੜ ਨਾ ਹੋਵੇ ਇਸ ਲਈ ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿਚ ਵੱਡੇ ਕੜਾਹਿਆਂ ਉਤੇ ਜੰਗਲੇ ਲਗਾਏ ਗਏ ਹਨ।
ਇਸ ਦੇ ਨਾਲ ਹੀ ਸੁਰੱਖਿਆ ਬਣਾਈ ਰੱਖੀ ਜਾ ਸਕੇ ਇਸ ਲਈ ਲੰਗਰ ਪਕਾਉਣ ਦੀ ਸੇਵਾ ਕਰ ਰਹੇ ਸੇਵਾਦਾਰਾਂ ਸ਼ਰਧਾਲੂਆਂ ਨੂੰ ਸੇਫਟੀ ਬੈਲਟ ਪਹਿਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੇਫਟੀ ਬੈਲਟ ਤਿਆਰ ਕਰਨ ਲਈ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।