ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੱਡੀ ਖਬਰ ਆਈ ਹੈ, ਜਿਥੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਮਾਮਲਾ ਦੇਰ ਰਾਤ ਸੋਮਵਾਰ ਦਾ ਹੈ।
ਆਸਟ੍ਰੇਲੀਆ ਜਾਣ ਦੀ ਤਿਆਰੀ ਸੀ
ਜੱਗੂ ਦੀ ਭਾਬੀ ਲਵਜੀਤ ਕੌਰ ਆਸਟ੍ਰੇਲੀਆ ਜਾਣ ਲਈ ਹਵਾਈ ਅੱਡੇ 'ਤੇ ਪਹੁੰਚੀ ਸੀ। ਉਸ ਵਿਰੁੱਧ ਜਾਰੀ ਲੁੱਕ ਆਊਟ ਸਰਕੂਲਰ (LOC) ਕਾਰਨ ਉਸ ਨੂੰ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਲਵਜੀਤ ਕੌਰ ਨੂੰ ਬਟਾਲਾ ਵਿੱਚ ਮਾਰੇ ਗਏ ਗੋਰਾ ਬਰਿਆਰ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਲੁੱਕ ਆਊਟ ਸਰਕੂਲਰ ਸੀ ਜਾਰੀ
ਜਾਣਕਾਰੀ ਅਨੁਸਾਰ ਲਵਜੀਤ ਕੌਰ ਪਤਨੀ ਮਨਦੀਪ ਸਿੰਘ ਵਿਰੁੱਧ 26 ਮਈ, 2025 ਨੂੰ ਥਾਣਾ ਘੁੰਮਣ ਬਟਾਲਾ ਵਿਖੇ ਦਰਜ ਐਫਆਈਆਰ ਨੰਬਰ 89 ਤਹਿਤ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ਵਿੱਚ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਸੀ ਤਾਂ ਜੋ ਦੋਸ਼ੀ ਦੇਸ਼ ਛੱਡ ਕੇ ਭੱਜ ਨਾ ਸਕੇ। ਲਵਜੀਤ ਹਾਲ ਹੀ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਤੋਂ ਬਾਅਦ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਭਾਰਤ ਆਈ ਸੀ।
ਸੁਰੱਖਿਆ ਏਜੰਸੀਆਂ ਨੇ ਰਾਤੋ-ਰਾਤ ਲਵਜੀਤ ਕੌਰ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਸਨੂੰ ਬਟਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ। ਬਟਾਲਾ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
ਜੱਗੂ ਦੀ ਮਾਤਾ ਦਾ ਹੋ ਚੁੱਕਾ ਕਤਲ
ਜ਼ਿਕਰਯੋਗ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਬੀਤੇ ਕੁਝ ਦਿਨ ਪਹਿਲਾਂ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਰਜੀਤ ਕੌਰ ਅਤੇ ਰਿਸ਼ਤੇਦਾਰ ਕਰਨਵੀਰ ਸਿੰਘ ਦਾ ਦੋਵਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਦੋਵੇਂ ਬਟਾਲਾ ਦੇ ਕਾਦੀਆਂ ਰੋਡ 'ਤੇ ਇਕ ਸਕਾਰਪੀਓ ਵਿਚ ਸਵਾਰ ਸਨ ਕਿ ਅਣਪਛਾਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ।