ਅੰਮ੍ਰਿਤਸਰ 'ਚ ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਤੋਲਾ ਨੰਗਲ ਹਰਸ਼ਾ ਛੀਨਾ ਸ਼ਬਾਜਪੁਰਾ 'ਚ 3 ਬੱਚੇ ਨਹਿਰ 'ਚ ਬੀਤੇ ਦਿਨੀਂ ਡੁੱਬ ਗਏ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੇੜਲੇ ਪਿੰਡ ਸ਼ਬਾਜਪੁਰਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੇਲਾ ਦੇਖਣ ਲਈ ਗਏ ਹੋਏ ਸਨ ਅਤੇ ਮੇਲਾ ਦੇਖ ਕੇ ਲਾਹੌਰ ਬ੍ਰਾਂਚ ਨਹਿਰ ਵਿੱਚ ਨਹਾਉਣ ਚਲੇ ਗਏ। ਇਸ ਦੌਰਾਨ 4 ਦੋਸਤ ਨਹਿਰ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ, ਜਿਨ੍ਹਾਂ 'ਚੋਂ 1 ਨੂੰ ਸਥਾਨਕ ਲੋਕਾਂ ਨੇ ਬਚਾ ਲਿਆ, ਜਦਕਿ ਬਾਕੀ ਨਹਿਰ 'ਚ ਰੁੜ੍ਹ ਗਏ।
ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ
ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ (13), ਕ੍ਰਿਸ਼ਨ (14), ਲਵਪ੍ਰੀਤ ਸਿੰਘ (14) ਵਜੋਂ ਹੋਈ ਹੈ। ਥਾਣਾ ਰਾਜਾਸਾਂਸੀ ਦੇ ਐਸਐਚਓ ਕਰਮਪਾਲ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ ਏਡੀਸੀ ਮੌਕੇ ’ਤੇ ਪੁੱਜੇ। ਦੋ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਸਨ ਜਦਕਿ ਜਸਕਰਨ ਸਿੰਘ ਦੀ ਲਾਸ਼ ਦੀ ਭਾਲ ਗੋਤਾਖੋਰਾਂ ਵਲੋਂ ਜਾਰੀ ਸੀ। ਅੱਜ ਜਸਕਰਨ ਸਿੰਘ ਦਾ ਮ੍ਰਿਤਕ ਸਰੀਰ ਪਿੰਡ ਚਵਿੰਡਾ ਕਲਾਂ ਤੇ ਖ਼ੁਰਦ ਨਜ਼ਦੀਕ ਲਾਹੌਰ ਬਰਾਂਚ ਨਹਿਰ ਵਿਚੋਂ ਮਿਲਿਆ। ਪਿੰਡ ਵਾਸੀਆਂ ਦੀ ਮਦਦ ਨਾਲ ਜਸਕਰਨ ਸਿੰਘ ਦੇ ਮ੍ਰਿਤਕ ਸਰੀਰ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ।