ਜੰਮੂ ਦੇ ਕਠੂਆ ਰੇਲਵੇ ਸਟੇਸ਼ਨ 'ਤੇ ਖੜ੍ਹੀ ਮਾਲ ਗੱਡੀ ਅਚਾਨਕ ਚੱਲਣ ਲੱਗੀ। ਕੁੱਝ ਹੀ ਦੇਰ ਵਿੱਚ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਦੇ ਅੱਸੀ ਦੀ ਰਫ਼ਤਾਰ ਨਾਲ ਪਠਾਨਕੋਟ ਵੱਲ ਵਧਣ ਲੱਗੀ। ਟਰੇਨ 84 ਕਿਲੋਮੀਟਰ ਤੱਕ ਬਿਨਾਂ ਡਰਾਈਵਰ ਦੇ ਚੱਲਦੀ ਰਹੀ। ਜਿਵੇਂ ਹੀ ਇਸ ਘਟਨਾ ਦਾ ਰੇਲਵੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਟਰੇਨ ਡਰਾਈਵਰ ਚਾਹ ਪੀਣ ਗਿਆ ਸੀ
ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਨੰਬਰ 14806R ਐਤਵਾਰ ਸਵੇਰੇ 7 ਵਜੇ ਜੰਮੂ ਦੇ ਕਠੂਆ ਵਿਖੇ ਰੁਕੀ ਸੀ। ਇਸ ਦੌਰਾਨ ਰੇਲ ਡਰਾਈਵਰ ਚਾਹ ਪੀਣ ਲਈ ਸਟੇਸ਼ਨ 'ਤੇ ਉਤਰ ਗਿਆ। ਜਦੋਂ ਡਰਾਈਵਰ ਚਾਹ ਪੀ ਰਿਹਾ ਸੀ ਤਾਂ ਅਚਾਨਕ ਟਰੇਨ ਚੱਲ ਪਈ ਅਤੇ ਕੁਝ ਹੀ ਦੇਰ 'ਚ ਉਸ ਨੇ ਰਫਤਾਰ ਫੜ ਲਈ। ਮੀਡੀਆ ਰਿਪੋਰਟਾਂ ਮੁਤਾਬਕ ਮਾਲ ਗੱਡੀ ਵਿੱਚ ਕੰਕਰੀਟ ਲੋਡ ਕੀਤਾ ਜਾ ਰਿਹਾ ਸੀ। ਜਦੋਂ ਡਰਾਈਵਰ ਅਤੇ ਗਾਰਡ ਚਾਹ ਪੀਣ ਲਈ ਹੇਠਾਂ ਉਤਰੇ ਤਾਂ ਟਰੇਨ ਦਾ ਇੰਜਣ ਚੱਲ ਰਿਹਾ ਸੀ। ਡਰਾਈਵਰ ਨੇ ਮਾਲ ਗੱਡੀ ਦੀ ਹੈਂਡਬ੍ਰੇਕ ਵੀ ਨਹੀਂ ਲਗਾਈ ਸੀ, ਜਿਸ ਕਾਰਨ ਰੇਲਗੱਡੀ ਢਲਾਨ ਕਾਰਨ ਅੱਗੇ ਵਧਣ ਲੱਗੀ।
ਸਵੇਰੇ ਮੈਸੇਜ ਭੇਜੇ ਗਏ
ਐਤਵਾਰ ਸਵੇਰੇ 8:00 ਵਜੇ ਫ਼ਿਰੋਜ਼ਪੁਰ ਡਿਵੀਜ਼ਨ ਅਤੇ ਜੰਮੂ ਡਿਵੀਜ਼ਨ ਦੇ ਸਾਰੇ ਸਟੇਸ਼ਨਾਂ ਅਤੇ ਰੇਲਵੇ ਫਾਟਕਾਂ 'ਤੇ ਇੱਕ ਸੰਦੇਸ਼ ਫੈਲਿਆ ਕਿ ਡੀਐਮਟੀ ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਦੇ ਕਠੂਆ ਤੋਂ ਰਵਾਨਾ ਹੋ ਗਈ ਹੈ। ਇਸ ਫਾਟਕਾਂ 'ਤੇ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਫਾਟਕ ਬੰਦ ਰੱਖੇ ਜਾਣ। ਜਿਵੇਂ ਹੀ ਇਹ ਮੈਸੇਜ ਫੈਲਿਆ ਤਾਂ ਰੇਲਵੇ ਅਧਿਕਾਰੀਆਂ 'ਚ ਤਰਥੱਲੀ ਮਚ ਗਈ ਅਤੇ ਉਨ੍ਹਾਂ ਨੇ ਕਿਸੇ ਤਰ੍ਹਾਂ ਰੇਲਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਵੱਡਾ ਹਾਦਸਾ ਹੋਣੋਂ ਟਲਿਆ
ਮਾਲ ਗੱਡੀ ਨੂੰ ਰੋਕਣ ਲਈ ਅਲਾਵਲਪੁਰ 'ਚ ਰੇਲਵੇ ਟ੍ਰੈਕ 'ਤੇ ਇੱਟਾਂ-ਪੱਥਰ ਰੱਖ ਦਿੱਤੇ ਗਏ ਤਾਂ ਕਿ ਮਾਲ ਗੱਡੀ ਉੱਥੇ ਹੀ ਰੁਕ ਜਾਵੇ। ਪਰ ਸਮਾਂ ਪਾ ਕੇ ਮਾਲ ਗੱਡੀ ਨੂੰ ਉਚੀ ਬੱਸੀ ਵਿਖੇ ਰੋਕ ਦਿੱਤਾ ਗਿਆ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਮਾਲ ਗੱਡੀ ਪਲਟ ਸਕਦੀ ਸੀ
ਰੇਲਵੇ ਮਾਹਿਰਾਂ ਮੁਤਾਬਕ ਮਾਲ ਗੱਡੀ ਜਿਸ ਰਫ਼ਤਾਰ ਨਾਲ ਰੇਲਵੇ ਟ੍ਰੈਕ 'ਤੇ ਬਿਨਾਂ ਡਰਾਈਵਰ ਅਤੇ ਗਾਰਡ ਦੇ ਚੱਲ ਰਹੀ ਸੀ। ਜੇਕਰ ਰੋਕਣ ਦੀ ਕੋਸ਼ਿਸ਼ ਕਰਦੇ ਤਾਂ ਉਹ ਪਲਟ ਸਕਦੀ ਸੀ। ਇਸ ਲਈ ਮਾਲ ਗੱਡੀ ਨੂੰ ਅਜਿਹੀ ਥਾਂ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿੱਥੇ ਨਾ ਤਾਂ ਜ਼ਿਆਦਾ ਯਾਤਰੀ ਹੋਣ ਅਤੇ ਨਾ ਹੀ ਪਲੇਟਫਾਰਮ ਭਰਿਆ ਹੋਇਆ ਹੋਵੇ। ਇਸ ਲਈ ਅਲਾਵਲਪੁਰ ਅਤੇ ਮੁਕੇਰੀਆਂ ਨੇੜੇ ਉਚੀ ਬੱਸੀ ਸਟੇਸ਼ਨ ਨੂੰ ਚੁਣਿਆ ਗਿਆ।
ਮਾਲ ਗੱਡੀ 15 ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਪਾਰ ਕਰਦੀ ਹੋਈ ਉਚੀ ਬੱਸੀ ਪਹੁੰਚੀ ਅਤੇ ਰਸਤੇ ਵਿੱਚ 50 ਤੋਂ ਵੱਧ ਰੇਲਵੇ ਫਾਟਕਾਂ ਰਾਹੀਂ ਆਈ ਹੋਵੇਗੀ। ਕਿਉਂਕਿ ਜਲੰਧਰ ਤੋਂ ਕਠੂਆ ਤੱਕ 100 ਦੇ ਕਰੀਬ ਰੇਲਵੇ ਫਾਟਕ ਹਨ, ਜਿੱਥੇ ਫਾਟਕਾਂ ਨੂੰ ਬੰਦ ਰੱਖਣ ਦਾ ਸੰਦੇਸ਼ ਦਿੱਤਾ ਗਿਆ ਸੀ।
ਇਸ ਤਰ੍ਹਾਂ ਰੋਕੀ ਮਾਲ ਗੱਡੀ
ਰੇਲਵੇ ਮੁਲਾਜ਼ਮਾਂ ਅਨੁਸਾਰ ਜਦੋਂ ਮਾਲ ਗੱਡੀ ਅਚਾਨਕ ਕਠੂਆ ਤੋਂ ਚੱਲ ਪਈ ਤਾਂ ਉੱਥੇ ਢਲਾਨ ਹੋਣ ਕਾਰਨ ਇਸ ਨੇ ਰਫ਼ਤਾਰ ਫੜ ਲਈ ਅਤੇ ਜਦੋਂ ਇਹ ਮੁਕੇਰੀਆਂ ਦੇ ਸਾਹਮਣੇ ਉਚੀ ਬੱਸੀ ਪਹੁੰਚੀ ਤਾਂ ਉੱਥੇ ਉਚਾਈ ਹੋਣ ਕਾਰਨ ਰਫ਼ਤਾਰ ਹੌਲੀ ਹੋ ਗਈ, ਜਿਸ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ। ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਵੱਡਾ ਹਾਦਸਾ ਹੋਣੋਂ ਟਲ ਗਿਆ।
ਅਧਿਕਾਰੀ ਜਾਂਚ ਕਰ ਰਹੇ ਹਨ
ਇਸ ਮਾਮਲੇ ਨੂੰ ਲੈ ਕੇ ਫ਼ਿਰੋਜ਼ਪੁਰ ਡਵੀਜ਼ਨ ਨੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਕਿਹਾ ਹੈ ਅਤੇ ਇਸ ਤਰ੍ਹਾਂ ਮਾਲ ਗੱਡੀ ਨੂੰ ਬਿਨਾਂ ਗਾਰਡ ਅਤੇ ਡਰਾਈਵਰ ਤੋਂ ਪਟੜੀ 'ਤੇ ਕਿਵੇਂ ਖੜ੍ਹਾ ਕੀਤਾ ਗਿਆ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।