ਹਰਿਆਣਾ ਦੇ ਬਾਦਸ਼ਾਹਪੁਰ ਤੋਂ ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਰਾਕੇਸ਼ ਦੌਲਤਾਬਾਦ, ਬਾਦਸ਼ਾਹਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ। ਜਾਣਕਾਰੀ ਮੁਤਾਬਕ ਰਾਕੇਸ਼ ਨੂੰ ਸਵੇਰੇ 10 ਵਜੇ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਰਾਕੇਸ਼ ਦੀ ਮੌਤ ਹੋ ਗਈ।
ਰਾਕੇਸ਼ ਨੇ ਗੁਰੂਗ੍ਰਾਮ ਦੇ ਪਾਲਮ ਵਿਹਾਰ ਮਨੀਪਾਲ ਹਸਪਤਾਲ ਵਿੱਚ ਆਖਰੀ ਸਾਹ ਲਿਆ। ਦੌਲਤਾਬਾਦ ਨੇ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਬਾਦਸ਼ਾਹਪੁਰ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਸਰਕਾਰ ਦਾ ਸਮਰਥਨ ਕੀਤਾ।
ਭਾਜਪਾ ਨੂੰ ਸਮਰਥਨ ਦਿੱਤਾ
ਦੌਲਤਾਬਾਦ ਤੋਂ ਆਜ਼ਾਦ ਵਿਧਾਇਕ ਹੋਣ ਦੇ ਨਾਤੇ ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਜੇਜੇਪੀ ਨਾਲ ਗਠਜੋੜ ਟੁੱਟ ਗਿਆ ਤਾਂ ਉਸ ਨੇ ਨਾਇਬ ਸੈਣੀ ਦੀ ਅਗਵਾਈ ਹੇਠ ਬਣੀ ਸਰਕਾਰ ਦਾ ਸਮਰਥਨ ਕੀਤਾ। ਹਾਲਾਂਕਿ 3 ਆਜ਼ਾਦ ਵਿਧਾਇਕਾਂ ਵੱਲੋਂ ਕਾਂਗਰਸ ਨੂੰ ਸਮਰਥਨ ਦੇਣ ਦੇ ਐਲਾਨ ਦੇ ਨਾਲ-ਨਾਲ ਦੌਲਤਾਬਾਦ ਦਾ ਨਾਂ ਵੀ ਚਰਚਾ 'ਚ ਸੀ ਪਰ ਉਨ੍ਹਾਂ ਨੇ ਇਸ ਸਮਰਥਨ 'ਚ ਹਿੱਸਾ ਨਹੀਂ ਲਿਆ। ਬਾਅਦ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰ ਕੇ ਭਾਜਪਾ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਹਰਿਆਣਾ ਦੇ ਮੁੱਖ ਮੰਤਰੀ ਨੇ ਜਤਾਇਆ ਦੁੱਖ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਰਾਕੇਸ਼ ਦੌਲਤਾਬਾਦ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਸੈਣੀ ਨੇ ਕਿਹਾ ਕਿ ਉਹ ਬਾਦਸ਼ਾਹਪੁਰ ਤੋਂ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਅਹਿਮ ਸਹਿਯੋਗੀ ਰਾਕੇਸ਼ ਦੌਲਤਾਬਾਦ ਦੇ ਅਚਾਨਕ ਦੇਹਾਂਤ ਤੋਂ ਦੁਖੀ ਅਤੇ ਸਦਮੇ ਵਿੱਚ ਹਨ। ਰਾਕੇਸ਼ ਜੀ ਦੇ ਅਚਨਚੇਤ ਦਿਹਾਂਤ ਨਾਲ ਹਰਿਆਣਾ ਦੀ ਰਾਜਨੀਤੀ ਵਿੱਚ ਖਲਾਅ ਪੈਦਾ ਹੋ ਗਿਆ ਹੈ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।