ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਕਾਰ 'ਚ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਨੌਜਵਾਨਾਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
ਘਰ ਵਿੱਚ ਦਾਖਲ ਹੋਈ ਤੇਜ਼ ਰਫ਼ਤਾਰ ਕਾਰ
ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਬਰਾਹ ਵਿੱਚ ਸੜਕ ’ਤੇ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਪੁਲ ਨਾਲ ਟਕਰਾ ਗਈ, ਜਿਸ ਮਗਰੋਂ ਕਾਰ ਪਲਟ ਗਈ ਅਤੇ ਇੱਕ ਘਰ ਵਿੱਚ ਜਾ ਵੜੀ। ਗੱਡੀ ਵਿੱਚ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਦੀ ਪਛਾਣ ਮਨੀ ਸਿੰਘ ਅਤੇ ਜੋਤੀ ਸਿੰਘ ਮਾਨਸਾ ਵਜੋਂ ਹੋਈ ਹੈ। ਹਾਦਸੇ 'ਚ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਟਿਆਲਾ ਚ BMW ਕਾਰ ਕੈਂਟਰ ਨਾਲ ਟਕਰਾਈ
ਅਜਿਹਾ ਹੀ ਮਾਮਲਾ ਪਟਿਆਲਾ 'ਚ ਵੀ ਦੇਖਣ ਨੂੰ ਮਿਲਿਆ ਜਿੱਥੇ ਪਟਿਆਲਾ ਦੇ ਪਿਹੋਵਾ ਹਾਈਵੇ 'ਤੇ BMW ਕਾਰ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ 'ਚ ਦੋ ਦੋਸਤਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਕੈਂਟਰ ਦੇ ਓਵਰਟੇਕ ਕਰਨ ਕਾਰਨ ਵਾਪਰਿਆ।
ਪੁਲਿਸ ਨੇ BMW ਕਾਰ ਨੂੰ ਕਬਜ਼ੇ 'ਚ ਲਿਆ
ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਰਾਏ ਸਾਹਿਬ ਅਤੇ ਉਸ ਦੇ ਦੋਸਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੋਹੜ ਜਗੀਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਆਇਆ ਸੀ ਅਤੇ ਉਸ ਨਾਲ ਇਹ ਹਾਦਸਾ ਵਾਪਰ ਗਿਆ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬੀਐਮਡਬਲਯੂ ਕਾਰ ਸੰਦੀਪ ਸਿੰਘ ਦੀ ਸੀ। ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।