ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਪੈਟਰੋਲ ਪੰਪ, ਰੇਲ ਗੱਡੀਆਂ ਅਤੇ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ, ਸਿਰਫ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ। ਇਸ ਮੁਜ਼ਾਹਰੇ ਵਿੱਚ ਪਨਬੱਸ ਪੀਆਰਟੀਸੀ ਵਰਕਰ ਯੂਨੀਅਨ ਦੇ ਮੁਲਾਜ਼ਮ ਵੀ ਸ਼ਮੂਲੀਅਤ ਕਰਨਗੇ। ਜਿਸ ਕਾਰਨ ਪੰਜਾਬ ਵਿੱਚ ਕਰੀਬ 4 ਘੰਟੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। 1125 ਬੱਸਾਂ ਦੇ ਚੱਕੇ ਜਾਮ ਹੋ ਰਹਿਣਗੇ। ਬੱਸਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸੜਕ 'ਤੇ ਨਹੀਂ ਆਉਣਗੀਆਂ।
ਐਮਰਜੈਂਸੀ ਸੇਵਾਵਾਂ ਹੀ ਰਹਿਣਗੀਆਂ ਜਾਰੀ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੰਦ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਵਿਆਹਾਂ, ਇੰਟਰਵਿਊ ਅਤੇ ਏਅਰਪੋਰਟ 'ਤੇ ਜਾਣ ਵਾਲੇ ਲੋਕਾਂ ਨੂੰ ਨਹੀਂ ਰੋਕਿਆ ਜਾਵੇਗਾ। ਪੰਜਾਬ ਵਿੱਚ ਕਾਰਪੋਰੇਟ ਛੋਟੇ ਉਦਯੋਗਾਂ ਤੋਂ ਲੈ ਕੇ ਦੁਕਾਨਦਾਰਾਂ ਤੱਕ ਹਰ ਚੀਜ਼ ਉੱਤੇ ਹਾਵੀ ਹੈ। ਅਸੀਂ ਉਨ੍ਹਾਂ ਸਾਰਿਆਂ ਨੂੰ ਢੁੱਕਵਾਂ ਜਵਾਬ ਦੇਵਾਂਗੇ।
ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਰਹਿਣਗੀਆਂ ਬੰਦ
ਦੱਸ ਦੇਈਏ ਕਿ ਪੰਜਾਬ ਬੰਦ ਨੂੰ ਲੈ ਕੇ ਯੂਨੀਅਨ ਦੀ ਮੀਟਿੰਗ ਹੋਈ ਹੈ। ਇਸ ਵਿੱਚ ਸੰਘਰਸ਼ ਦੀ ਰਣਨੀਤੀ ਬਣਾਈ ਗਈ ਹੈ। ਇਸ ਦੌਰਾਨ ਯੂਨੀਅਨ ਦੇ ਚੇਅਰਮੈਨ ਬਲਜਿੰਦਰ ਸਿੰਘ ਰਾਠ ਅਤੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਪਰ ਪੂਰੇ ਦਿਨ ਦੀ ਹੜਤਾਲ ਸੰਭਵ ਨਹੀਂ ਹੈ। ਇਸ ਕਾਰਨ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
7 ਰਾਜ ਹੋਣਗੇ ਪ੍ਰਭਾਵਿਤ
ਪੀਆਰਟੀਸੀ ਪੰਜਾਬ ਅਤੇ ਹੋਰ ਰਾਜਾਂ ਵਿੱਚ 577 ਰੂਟਾਂ ’ਤੇ ਬੱਸਾਂ ਚਲਾਉਂਦੀ ਹੈ। ਜਿਸ ਦਾ ਅਸਰ ਇਸ ਸਮੇਂ ਦੌਰਾਨ ਹੋਵੇਗਾ। ਇਹ ਬੱਸਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ ਅਤੇ ਉੱਤਰਾਖੰਡ ਨੂੰ ਕਵਰ ਕਰਦੀਆਂ ਹਨ। ਪੀਆਰਟੀਸੀ ਦੇ ਨੌਂ ਡਿਪੂ ਹਨ। ਇਨ੍ਹਾਂ ਵਿੱਚ ਪਟਿਆਲਾ, ਬਠਿੰਡਾ, ਕਪੂਰਥਲਾ, ਬਰਨਾਲਾ, ਸੰਗਰੂਰ, ਬੁਢਲਾਡਾ, ਫਰੀਦਕੋਟ, ਲੁਧਿਆਣਾ ਅਤੇ ਚੰਡੀਗੜ੍ਹ ਸ਼ਾਮਲ ਹਨ। ਕੁੱਲ ਮਿਲਾ ਕੇ ਵਿਭਾਗ ਵਿੱਚ 3000 ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ।