ਫਰੀਦਕੋਟ ਜ਼ਿਲੇ 'ਚ ਇਕ ਨੌਜਵਾਨ ਲੜਕੀ ਦੇ ਭੇਸ 'ਚ ਲਿਪਸਟਿਕ ਅਤੇ ਬਿੰਦੀ ਲਾ ਕੇ ਇਕ ਲੜਕੀ ਦੀ ਥਾਂ 'ਤੇ ਸਿਹਤ ਵਿਭਾਗ ਦੀ ਪੈਰਾ-ਮੈਡੀਕਲ ਭਰਤੀ ਦੀ ਪ੍ਰੀਖਿਆ ਦੇਣ ਆ ਪੁੱਜਾ। ਉਸ ਨੇ ਨਕਲੀ ਵਾਲਾਂ ਤੋਂ ਲੈ ਕੇ ਸੂਟ-ਸਲਵਾਰ ਅਤੇ ਬਿੰਦੀ-ਲਿਪਸਟਿਕ ਤੱਕ ਸਭ ਕੁਝ ਪਾਇਆ ਹੋਇਆ ਸੀ।
ਨੌਜਵਾਨ ਦੀ ਪਛਾਣ
ਕੋਟਕਪੂਰਾ ਦੇ ਡੀਏਵੀ ਪਬਲਿਕ ਸਕੂਲ ਵਿੱਚ ਐਤਵਾਰ ਨੂੰ ਬਣਾਏ ਗਏ ਪ੍ਰੀਖਿਆ ਕੇਂਦਰ ਵਿੱਚ ਅਧਿਆਪਕ ਵੱਲੋਂ ਸ਼ੱਕ ਪੈਣ ’ਤੇ ਉਸ ਤੋਂ ਪੁੱਛਗਿੱਛ ਕਰਨ ’ਤੇ ਇਹ ਖੁਲਾਸਾ ਹੋਇਆ। ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ, ਜੋ ਫਾਜ਼ਿਲਕਾ ਦੇ ਪਿੰਡ ਢਾਣੀ ਦੀ ਪਰਮਜੀਤ ਕੌਰ ਦੀ ਥਾਂ 'ਤੇ ਪ੍ਰੀਖਿਆ ਦੇਣ ਆਇਆ ਸੀ।
ਜਾਅਲੀ ਆਧਾਰ-ਵੋਟਰ ਕਾਰਡ ਲੈ ਕੇ ਪਹੁੰਚਿਆ ਨੌਜਵਾਨ
ਫਰਜ਼ੀ ਪ੍ਰੀਖਿਆ ਦੇਣ ਆਏ ਇਸ ਨੌਜਵਾਨ ਨੇ ਆਧਾਰ ਕਾਰਡ 'ਤੇ ਆਪਣਾ ਨਾਂ ਅਤੇ ਫੋਟੋ ਵੀ ਬਦਲ ਲਈ ਸੀ ਪਰ ਇਮਤਿਹਾਨ ਦਿੰਦੇ ਸਮੇਂ ਉਸ ਦੇ ਵਿਵਹਾਰ ਨੂੰ ਦੇਖ ਕੇ ਇਕ ਅਧਿਆਪਕ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰੀ ਸੱਚਾਈ ਦੱਸ ਦਿੱਤੀ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਪੈਰਾਮੈਡੀਕਲ ਦੀਆਂ ਵੱਖ-ਵੱਖ ਅਸਾਮੀਆਂ ਲਈ ਭਰਤੀ ਪ੍ਰੀਖਿਆ ਲਈ ਗਈ ਸੀ, ਜਿਸ ਵਿੱਚ ਇਹ ਨੌਜਵਾਨ ਨਾ ਸਿਰਫ਼ ਲੜਕੀ ਦੇ ਭੇਸ ਵਿੱਚ ਆਇਆ ਸੀ, ਸਗੋਂ ਆਧਾਰ ਕਾਰਡ ਵਿੱਚ ਆਪਣੀ ਲੜਕੀ ਵਜੋਂ ਫੋਟੋ ਵੀ ਲਾ ਕੇ ਲੈ ਗਿਆ।
ਅਧਿਆਪਕ ਨੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਲੜਕੀ ਦਾ ਐਡਮਿਟ ਕਾਰਡ ਅਤੇ ਪ੍ਰੀਖਿਆ ਵੀ ਰੱਦ ਕਰ ਦਿੱਤੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।