ਜਲੰਧਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਔਰਤ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਮਾਮਲਾ ਮਕਸੂਦਾਂ ਥਾਣੇ ਅਧੀਨ ਪੈਂਦੇ ਪਿੰਡ ਈਸਾਪੁਰ ਤੋਂ ਸਾਹਮਣੇ ਆਇਆ ਹੈ।
ਵੀਡੀਓ ਸੋਸ਼ਲ ਮੀਡੀਓ 'ਤੇ ਵਾਇਰਲ
ਜਾਣਕਾਰੀ ਅਨੁਸਾਰ ਔਰਤ ਦਾ ਕਾਫ਼ੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਔਰਤ ਨੇ ਸੂਏ ਦੇ ਕੋਲ ਖੜ੍ਹੀ ਹੋ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਜ਼ਮੀਨੀ ਵਿਵਾਦ ਦਾ ਮਾਮਲਾ
ਔਰਤ ਦੀ ਪਛਾਣ ਸੁਰਜੀਤ ਕੌਰ ਵਜੋਂ ਹੋਈ ਹੈ। ਸੁਰਜੀਤ ਕੌਰ, ਜੋ ਕਿ ਕਾਫ਼ੀ ਸਮੇਂ ਤੋਂ ਜ਼ਮੀਨੀ ਵਿਵਾਦ ਤੋਂ ਪਰੇਸ਼ਾਨ ਸੀ, ਖੇਤਾਂ ਵਿੱਚ ਗਈ ਅਤੇ ਉੱਥੇ ਸੂਏ ਕੋਲ ਖੜ੍ਹੀ ਹੋ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਕੁਝ ਹੀ ਦੇਰ ਵਿੱਚ ਅੱਗ ਦੀਆਂ ਲਪਟਾਂ ਤੇਜ਼ ਹੋ ਗਈਆਂ। ਇਸ ਦੌਰਾਨ ਔਰਤ ਨੇ ਖੇਤਾਂ ਵਿੱਚ ਪਈ ਮਿੱਟੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਹੋਰ ਤੇਜ਼ ਹੋ ਗਈ। ਇਸ ਤੋਂ ਬਾਅਦ ਔਰਤ ਨੇ ਪਾਣੀ ਵਾਲੇ ਸੂਏ ਵਿੱਚ ਛਾਲ ਮਾਰ ਕੇ ਅੱਗ ਬੁਝਾਈ। ਜ਼ਖਮੀ ਸੁਰਜੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ, ਜਲੰਧਰ ਵਿੱਚ ਦਾਖਲ ਕਰਵਾਇਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਮਕਸੂਦਾਂ ਥਾਣੇ ਦੇ ਐਸਐਚਓ ਬਲਬੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ।
ਜਾਣੋ ਪੂਰਾ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜਿੱਥੇ ਦੋਵੇਂ ਧਿਰਾਂ ਜ਼ਮੀਨ ਉਤੇ ਆਪਣਾ ਦਾਅਵਾ ਕਰ ਰਹੀਆਂ ਸਨ। ਔਰਤ ਸੁਰਜੀਤ ਕੌਰ ਨੇ ਕਿਹਾ ਕਿ ਉਹ ਜ਼ਮੀਨ ਵਿੱਚ ਹਿੱਸੇ ਦੀ ਹੱਕਦਾਰ ਹੈ ਜੋ ਉਸ ਨੂੰ ਨਹੀਂ ਮਿਲ ਰਹੀ। ਦੋਸ਼ ਹੈ ਕਿ ਦੂਜੀ ਧਿਰ ਦਾ ਕਰਨੈਲ ਸਿੰਘ 6 ਤੋਂ 7 ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਜ਼ਬਰਦਸਤੀ ਟਰੈਕਟਰ ਲੈ ਕੇ ਜ਼ਮੀਨ ਵਾਹੁਣ ਆਇਆ ਸੀ।
ਔਰਤ ਦਾ ਦੋਸ਼ ਹੈ ਕਿ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ ਉਸ ਦੀ ਇੱਕ ਨਹੀਂ ਸੁਣੀ। ਜਿਸ ਕਾਰਨ ਸੁਰਜੀਤ ਕੌਰ ਪਰੇਸ਼ਾਨ ਹੋ ਗਈ ਅਤੇ ਆਪਣੇ ਆਪ ਨੂੰ ਅੱਗ ਲਗਾ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਮਲਾ ਗਰਮਾਉਂਦਾ ਦੇਖ ਕੇ ਮਕਸੂਦਾਂ ਥਾਣੇ ਦੀ ਪੁਲਸ ਨੇ 6 ਤੋਂ 7 ਨੌਜਵਾਨਾਂ ਨੂੰ ਰਾਊਂਡਅਪ ਕੀਤਾ ਹੈ ਪਰ ਪੁਲਸ ਨੇ ਇਸ ਸਬੰਧ ਵਿੱਚ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ।