ਜਲੰਧਰ ਦੇ ਸ਼ਾਹਕੋਟ ਨੇੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਨੇ ਆਪਣੇ ਚਾਚੇ ਦਾ ਕਤਲ ਕਰ ਦਿੱਤਾ ਸੀ, ਜਿਸ ਨੂੰ ਹੁਣ ਪੁਲਸ ਨੇ ਕਾਬੂ ਕਰ ਲਿਆ ਹੈ। ਪਰ ਉਸ ਦੇ ਤਿੰਨ ਸਾਥੀ ਹਾਲੇ ਵੀ ਫਰਾਰ ਚੱਲ਼ ਰਹੇ ਹਨ।
ਪੁਲਸ ਜਲਦ ਲਵੇਗੀ ਦੋਸ਼ੀ ਦਾ ਰਿਮਾਂਡ
ਦੋਸ਼ੀ ਨੂੰ ਪੁਲਸ ਜਲਦ ਹੀ ਅਦਾਲਤ ਵਿਚ ਪੇਸ਼ ਕਰੇਗੀ ਅਤੇ ਪੁੱਛਗਿੱਛ ਲਈ ਰਿਮਾਂਡ 'ਤੇ ਲਵੇਗੀ।
ਕੀ ਸੀ ਪੂਰਾ ਮਾਮਲਾ
ਮੁਲਜ਼ਮ ਆਪਣੇ ਚਾਚੇ ਲਖਵੀਰ ਸਿੰਘ ਉਰਫ਼ ਲੱਖਾ (65) ਦਾ ਕਤਲ ਕਰ ਕੇ ਪਰਿਵਾਰ ਸਮੇਤ ਫ਼ਰਾਰ ਹੋ ਗਿਆ ਸੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਮਿਲਣ ਮਗਰੋਂ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ।ਦੱਸ ਦੇਈਏ ਕਿ ਲਖਵੀਰ ਸਿੰਘ ਉਰਫ ਲੱਖਾ ਦਾ ਆਪਣੇ ਵੱਡੇ ਭਰਾ ਦੇ ਲੜਕਿਆਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਭਤੀਜਾ ਜਸਵਿੰਦਰ ਸਿੰਘ ਚਾਚਾ ਲਖਵੀਰ ਸਿੰਘ ਨੂੰ ਖੇਤਾਂ ਨੂੰ ਪਾਣੀ ਲਾਉਣ ਅਤੇ ਖੂਹ ’ਤੇ ਜਾਣ ਤੋਂ ਰੋਕਦਾ ਸੀ। ਦੋਵਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਕੇਸ ਵੀ ਚੱਲ ਰਿਹਾ ਸੀ।ਲਖਵੀਰ ਸਿੰਘ ਖੇਤਾਂ ਵਿੱਚ ਘੁੰਮ ਰਿਹਾ ਸੀ ਤਾਂ ਅਚਾਨਕ ਮੱਕੀ ਦੇ ਖੇਤ ਵਿੱਚੋਂ ਬਾਹਰ ਆ ਰਹੇ ਉਸ ਦੇ ਭਤੀਜੇ ਨੇ ਉਸ ’ਤੇ ਹਮਲਾ ਕਰ ਦਿੱਤਾ। ਦੋਸ਼ੀ ਭਤੀਜੇ ਨੇ ਉਸ 'ਤੇ ਚਾਕੂ ਨਾਲ ਕਈ ਵਾਰ ਕਰ ਕੇ ਜ਼ਖਮੀ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ, ਜਦਕਿ ਜ਼ਖਮੀ ਚਾਚੇ ਦੀ ਮੌਤ ਹੋ ਗਈ ਸੀ।