ਜਲੰਧਰ/ ਪੰਜਾਬ ਵਿੱਚ ਚਾਈਨਾ ਡੋਰ 'ਤੇ ਪਾਬੰਦੀ ਲਾਏ ਜਾਣ ਦੇ ਬਾਵਜੂਦ ਚਾਈਨਾ ਡੋਰ ਕਈ ਸਾਲਾਂ ਤੋਂ ਵਿਕ ਰਹੀ ਹੈ। ਭਾਵੇਂ ਪੰਜਾਬ ਪੁਲਸ ਵੱਲੋਂ ਹਰ ਸਾਲ ਚਾਈਨਾ ਡੋਰ ਜ਼ਬਤ ਕੀਤੀ ਜਾਂਦੀ ਹੈ ਪਰ ਪੁਲਸ ਚਾਈਨਾ ਡੋਰ ਜਿੰਨੀ ਜ਼ਬਤ ਕਰਦੀ ਹੈ, ਉਸ ਤੋਂ ਦੁੱਗਣੀ ਗਿਣਤੀ ਵਿਚ ਬਾਜ਼ਾਰਾਂ ਵਿੱਚ ਡੋਰ ਵਿਕਦੀ ਹੈ। ਇਹੀ ਕਾਰਨ ਹੈ ਕਿ ਚਾਈਨਾ ਡੋਰ ਕਾਰਨ ਹਰ ਸਾਲ ਕਈ ਹਾਦਸੇ ਵਾਪਰਦੇ ਹਨ। ਤਾਜ਼ਾ ਮਾਮਲਾ ਆਦਮਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 45 ਸਾਲਾ ਵਿਅਕਤੀ ਦੀ ਚਾਈਨਾ ਡੋਰ ਨਾਲ ਗਰਦਨ ਕੱਟੀ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਮੋਟਰਸਾਈਕਲ 'ਤੇ ਜਾਂਦੇ ਸਮੇਂ ਵਾਪਰਿਆ ਹਾਦਸਾ
ਜ਼ਖਮੀ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਸਰੋਬਾਦ ਦਾ ਰਹਿਣ ਵਾਲਾ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਰਪ੍ਰੀਤ ਦੀ ਗਰਦਨ 'ਤੇ ਕਈ ਟਾਂਕੇ ਲਾਉਣੇ ਪਏ। ਖੁਸ਼ਕਿਸਮਤੀ ਨਾਲ, ਵਿਅਕਤੀ ਦੀ ਸਾਹ ਦੀ ਨਾਲੀ ਬਚ ਗਈ। ਫਿਲਹਾਲ, ਵਿਅਕਤੀ ਦੀ ਜਾਨ ਖ਼ਤਰੇ ਤੋਂ ਬਾਹਰ ਹੈ।
ਕਿਵੇਂ ਆਇਆ ਚਾਈਨਾ ਡੋਰ ਦੀ ਲਪੇਟ ਵਿਚ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਦੀ ਪਤਨੀ ਸਤਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮੋਟਰਸਾਈਕਲ 'ਤੇ ਆਦਮਪੁਰ ਗਿਆ ਸੀ। ਵਾਪਸ ਆਉਂਦੇ ਸਮੇਂ ਨਾਹਲ ਪਿੰਡ ਵਿੱਚ ਚਾਈਨਾ ਡੋਰ ਵਿੱਚ ਫਸਣ ਤੋਂ ਬਾਅਦ ਉਸ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ ਅਤੇ ਉਹ ਸੜਕ 'ਤੇ ਬੇਹੋਸ਼ ਹੋ ਗਿਆ। ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰ ਦੇ ਅਨੁਸਾਰ, ਉਸ ਦੀ ਸਾਹ ਦੀ ਨਾਲੀ ਠੀਕ ਹੈ ਅਤੇ ਉਸਦੇ ਗਲੇ ਦਾ ਬਾਕੀ ਹਿੱਸਾ ਕੱਟਿ ਗਿਆ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇੰਝ ਕਰੋ ਬਚਾਅ
ਅਕਸਰ ਦੇਖਦੇ ਹਾਂ ਕਿ ਲੋਹੜੀ ਤੇ ਬਸੰਤ ਪੰਚਮੀ ਦੇ ਨੇੜੇ ਲੋਕ ਪਤੰਗਾਂ ਉਡਾਉਂਦੇ ਹਨ। ਜ਼ਿਆਦਾਤਰ ਲੋਕ ਚਾਈਨਾ ਡੋਰ ਦੀ, ਜਿਸ ਨੂੰ ਖੂਨੀ ਡੋਰ, ਡਰੈਗਨ ਡੋਰ ਵੀ ਆਖਿਆ ਜਾਂਦਾ ਹੈ, ਨਾਲ ਪਤੰਗਬਾਜ਼ੀ ਕਰਦੇ ਹਨ, ਜੋ ਕਿ ਬਹੁਤ ਹੀ ਖਤਰਨਾਕ ਹੈ। ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਲਈ ਦੋਪਹੀਆ ਵਾਹਨ ਚਾਲਕਾਂ ਨੂੰ ਆਪਣੇ ਗਲ ਵਿਚ ਕੋਈ ਮਫਲਰ ਜਾਂ ਕੋਈ ਮੋਟਾ ਕੱਪੜਾ ਲਪੇਟ ਕੇ ਬਾਈਕ ਜਾਂ ਸਕੂਟਰ ਚਲਾਉਣਾ ਚਾਹੀਦਾ ਹੈ ਤਾਂ ਜੋ ਖੂਨੀ ਡੋਰ ਅੱਗੇ ਆਉਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ ਹੈਲਮੇਟ ਵੀ ਜ਼ਰੂਰੀ ਪਹਿਨੋ।