ਜਲੰਧਰ ਵਿਚ ਅੱਜ ਪੁਲਸ ਤੇ ਗੈਂਗਸਟਰ ਵਿਚਕਾਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪੁਲਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੁਝ ਸਮਾਂ ਪਹਿਲਾਂ ਗ੍ਰਿਫਤਾਰ ਕੀਤਾ ਸੀ
ਜਾਣਕਾਰੀ ਮੁਤਾਬਕ ਕਨੂੰ ਗੁੱਜਰ ਨੇ 66 ਫੀਟ ਰੋਡ 'ਤੇ ਹੈਮਿਲਟਨ ਟਾਵਰ ਨੇੜੇ ਗੋਲੀ ਚਲਾ ਦਿੱਤੀ। ਪੁਲਸ ਨੇ ਕੁਝ ਸਮਾਂ ਪਹਿਲਾਂ ਹੀ ਕਨੂੰ ਗੁੱਜਰ ਨੂੰ ਗ੍ਰਿਫ਼ਤਾਰ ਕੀਤਾ ਸੀ। ਹਥਿਆਰ ਨੂੰ ਰਿਕਵਰੀ ਲਈ ਹੈਮਿਲਟਨ ਟਾਵਰ ਦੇ ਨੇੜੇ ਇੱਕ ਖੇਤ ਵਿੱਚ ਲਿਜਾਇਆ ਗਿਆ ਸੀ। ਇਸ ਦੌਰਾਨ ਗੈਂਗਸਟਰ ਨੇ ਪੁਲਸ ਉਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ।
ਹਥਿਆਰ ਖੇਤ ਵਿੱਚ ਲੁਕਾਇਆ ਸੀ
ਜਾਣਕਾਰੀ ਅਨੁਸਾਰ ਕਨੂੰ ਗੁੱਜਰ ਨੇ ਖੇਤ ਦੇ ਕੋਲ ਇੱਕ ਕਮਰੇ ਵਿੱਚ ਹਥਿਆਰ ਲੁਕਾਇਆ ਹੋਇਆ ਸੀ, ਜਦੋਂ ਪੁਲਸ ਰਿਕਵਰੀ ਕਰਨ ਲਈ ਨਾਲ ਲੈ ਕੇ ਗਈ ਤਾਂ ਉਸ ਨੇ ਛੁਪਾਇਆ ਹਥਿਆਰ ਕੱਢ ਲਿਆ ਅਤੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ।
ਗੈਂਗਸਟਰ ਕਨੂੰ ਗੁੱਜਰ ਗ੍ਰਿਫਤਾਰ
ਰਿਪੋਰਟ ਮੁਤਾਬਕ ਉਕਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਲਿੰਕ ਵਿਚ ਸੀ, ਜਿਸ ਦਾ ਨਾਂ ਕਨੂੰ ਗੁੱਜਰ ਹੈ, ਇਸ ਨੂੰ ਐਨਕਾਊਂਟਰ ਤੋਂ ਬਾਅਦ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਸ ਫਾਇਰਿੰਗ ਦੌਰਾਨ ਕਨੂੰ ਗੁੱਜਰ ਗੰਭੀਰ ਜ਼ਖ਼ਮੀ ਹੋ ਗਿਆ ਹੈ।ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ
ਇਨ੍ਹਾਂ ਅਪਰਾਧਾਂ ਵਿਚ ਸੀ ਲੋੜੀਂਦਾ
ਜਾਣਕਾਰੀ ਅਨੁਸਾਰ ਕਨੂੰ ਗੁੱਜਰ ਕਤਲ, ਜ਼ਬਰੀ ਵਸੂਲੀ ਤੇ ਧੌਂਸਬਾਜ਼ੀ ਸਮੇਤ ਕਈ ਘਿਨਾਉਣੇ ਅਪਰਾਧਾਂ ਵਿਚ ਲੋੜੀਂਦਾ ਸੀ। ਐਨਕਾਊਂਟਰ ਦੌਰਾਨ ਦੋਵਾਂ ਪਾਸਿਆਂ ਤੋਂ 9 ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਮੌਕੇ ’ਤੋਂ 2 ਹਥਿਆਰ ਵੀ ਬਰਾਮਦ ਕੀਤੇ ਗਏ ਹਨ।