ਕੈਨੇਡਾ ਤੋਂ ਲਗਾਤਾਰ ਭਾਰਤੀ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਨਿਤ ਦਿਨ ਸੁਣਨ ਨੂੰ ਮਿਲ ਰਹੀਆਂ ਹਨ, ਜੋ ਕਿ ਇਕ ਵੱਡਾ ਚਿੰਤਾ ਦਾ ਵਿਸ਼ਾ ਵੀ ਹੈ ਕਿਉਂਕਿ ਪੰਜਾਬ ਤੋਂ ਕੋਈ ਵੀ ਪਰਿਵਾਰ ਆਪਣੇ ਧੀ ਜਾਂ ਪੁੱਤ ਨੂੰ ਕਰਜ਼ਾ ਚੁੱਕ ਕੇ ਬੜੀ ਮਿਹਨਤ ਨਾਲ ਪੜ੍ਹਾਈ ਲਈ ਜਾਂ ਕੰਮ ਲਈ ਭੇਜਦੇ ਹਨ ਪਰ ਉਥੇ ਉਹ ਕੋਈ ਹਾਦਸੇ ਜਾਂ ਕੁਦਰਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਹੈ, ਜਿਥੇ ਸੜਕ ਹਾਦਸੇ ਵਿਚ ਬਟਾਲਾ ਨਜ਼ਦੀਕ ਪੈਂਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਦੀ ਮੌਤ ਹੋ ਗਈ। ਕੋਮਲ 10 ਮਹੀਨੇ ਪਹਿਲਾਂ ਹੀ ਉਚੇਰੀ ਪੜ੍ਹਾਈ ਲਈ ਬਰੈਂਪਟਨ ਗਈ ਸੀ।
ਇਸ ਸੰਬੰਧੀ ਮ੍ਰਿਤਕ ਲੜਕੀ ਦੇ ਚਾਚਾ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ 21 ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੱੜਾ ਜੋ ਕਿ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਹੋਰ ਸਹੇਲੀਆਂ ਨਾਲ ਕੰਮ ’ਤੇ ਜਾ ਰਹੀ ਸੀ ਤੇ ਜਿਸ ਗੱਡੀ ਵਿਚ ਉਹ ਸਵਾਰ ਸਨ, ਉਸ ਦਾ ਸੰਤੁਲਨ ਵਿਗੜ ਗਿਆ ਤੇ ਦਰੱਖਤਾਂ ਨਾਲ ਟਕਰਾ ਗਈ, ਜਿਸ ਕਾਰਨ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਤੇ ਇਕ ਹੋਰ ਲੜਕੇ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇਸ ਮੰਦਭਾਗੀ ਘਟਨਾ ਦਾ ਜਦ ਹੀ ਪਤਾ ਲੱਗਾ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਸੁੱਖਾ ਚਿੱੜਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਪਿਤਾ ਦਿਹਾੜੀਦਾਰ ਹੈ। ਉਸ ਨੇ ਬਹੁਤ ਹੀ ਮਿਹਨਤ ਕਰ ਕੇ ਅਤੇ ਕੁਝ ਕਰਜ਼ਾ ਚੁੱਕ ਆਪਣੀ ਧੀ ਦਾ ਭਵਿੱਖ ਸਵਾਰਨ ਲਈ ਉਸ ਨੂੰ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜਾਈ ਕਰਨ ਲਈ ਭੇਜਿਆ ਸੀ। ਅਜੇ ਸਿਰਫ ਦੋ ਹੀ ਸਮੈਸਟਰ ਕਲੀਅਰ ਹੋਏ ਸਨ ਕਿ ਇਹ ਭਾਣਾ ਵਰਤ ਗਿਆ।