ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਨੇ ਨਿਆਗਰਾ ਫਾਲ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਕਤ ਨੌਜਵਾਨ ਲੁਧਿਆਣਾ ਨੇੜਲੇ ਪਿੰਡ ਅਬੂਵਾਲ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 22 ਸਾਲਾ ਦੱਸੀ ਜਾ ਰਹੀ ਹੈ।
ਹਫਤੇ ਬਾਅਦ ਮਿਲੀ ਲਾਸ਼
ਰਿਪੋਰਟ ਮੁਤਾਬਕ ਪੁਲਸ ਨੂੰ ਕਰੀਬ ਇਕ ਹਫਤੇ ਬਾਅਦ ਉਸ ਦੀ ਲਾਸ਼ ਮਿਲੀ। ਨਿਆਗਰਾ ਫਾਲਜ਼ 'ਚ ਇਸ ਤੋਂ ਪਹਿਲਾਂ ਵੀ ਕਈ ਲਾਸ਼ਾਂ ਪਈਆਂ ਹਨ, ਜਿਸ ਕਾਰਨ ਪੁਲਸ ਲਈ ਨੌਜਵਾਨ ਦੀ ਪਛਾਣ ਕਰਨਾ ਕਾਫੀ ਮੁਸ਼ਕਲ ਸੀ। ਇਸ ਲਈ ਉਸ ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ।
ਮ੍ਰਿਤਕ ਦੀ ਪਛਾਣ
ਮਰਨ ਤੋਂ ਪਹਿਲਾਂ ਨੌਜਵਾਨ ਨੇ ਆਪਣਾ ਮੋਬਾਇਲ ਨਿਆਗਰਾ ਫਾਲਜ਼ ਦੇ ਨੇੜੇ ਰੱਖ ਦਿੱਤਾ ਸੀ। ਮ੍ਰਿਤਕ ਦੀ ਪਛਾਣ ਚਰਨਦੀਪ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਦੀਪ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਪਿੰਡ ਅੱਬੂਵਾਲ ਦਸ ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉੱਥੇ ਉਹ ਓਨਟਾਰੀਓ ਦੇ ਬਰੈਂਪਟਨ ਵਿੱਚ ਇੱਕ ਘਰ ਦੇ ਬੇਸਮੈਂਟ ਵਿੱਚ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ।
ਅਚਾਨਕ ਹੋਇਆ ਲਾਪਤਾ
ਚਰਨਦੀਪ ਇੱਕ ਹਫ਼ਤੇ ਤੋਂ ਅਚਾਨਕ ਲਾਪਤਾ ਹੋ ਗਿਆ ਸੀ, ਜਦੋਂ ਚਰਨਦੀਪ ਸਿੰਘ ਕਈ ਦਿਨਾਂ ਤੋਂ ਕੰਮ ਉਤੇ ਵਾਪਸ ਨਹੀਂ ਆਇਆ ਤਾਂ ਉਸ ਦਾ ਮੋਬਾਇਲ ਫੋਨ ਵੀ ਬੰਦ ਆਇਆ। ਉਸ ਦੇ ਨਾਲ ਰਹਿਣ ਵਾਲੇ ਦੋਸਤਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਉਸ ਬਾਰੇ ਜਾਣਕਾਰੀ ਦਿੱਤੀ।
ਕੈਨੇਡੀਅਨ ਪੁਲਸ ਨੇ ਬੁੱਧਵਾਰ ਨੂੰ ਮੌਤ ਦੀ ਜਾਣਕਾਰੀ ਦਿੱਤੀ
ਇਹੀ ਪੋਸਟ ਪੰਜਾਬ ਵਿੱਚ ਚਰਨਦੀਪ ਸਿੰਘ ਦੇ ਪਰਿਵਾਰ ਤੱਕ ਪਹੁੰਚ ਗਈ। ਚਰਨਦੀਪ ਸਿੰਘ ਦਾ ਚਾਚਾ ਸੁਖਵਿੰਦਰ ਸਿੰਘ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿੰਦਾ ਹੈ ਅਤੇ 8 ਜੂਨ ਨੂੰ ਪੰਜਾਬ ਆਇਆ ਸੀ। ਉਸ ਨੇ ਇਸ ਬਾਰੇ ਕੈਨੇਡੀਅਨ ਪੁਲਸ ਨੂੰ ਸੂਚਿਤ ਕੀਤਾ। ਬੁੱਧਵਾਰ ਦੇਰ ਰਾਤ ਕੈਨੇਡੀਅਨ ਪੁਲਸ ਨੇ ਉਸ ਨੂੰ ਫੋਨ ਕਰਕੇ ਚਰਨਦੀਪ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ। ਚਰਨਜੀਤ ਦੀ ਮਾਂ ਬਿੰਦਰ ਕੌਰ ਅਤੇ ਭੈਣ ਦਾ ਰੋ ਰੋ ਕੇ ਬੁਰਾ ਹਾਲ ਹੈ।
ਪੁਲਸ ਕੋਲ ਘਟਨਾ ਦੀ ਸੀਸੀਟੀਵੀ ਫੁਟੇਜ
ਕੈਨੇਡੀਅਨ ਪੁਲਸ ਨੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਚਰਨਦੀਪ ਨੂੰ ਨਿਆਗਰਾ ਫਾਲਜ਼ ਵਿੱਚ ਛਾਲ ਮਾਰਦਿਆਂ ਦੇਖਿਆ ਗਿਆ। ਉਸ ਦੀ ਲਾਸ਼ ਕਈ ਦਿਨਾਂ ਤੱਕ ਪਾਣੀ 'ਚ ਪਈ ਰਹੀ, ਜਿਸ ਕਾਰਨ ਤੁਰੰਤ ਪਛਾਣ ਨਹੀਂ ਹੋ ਸਕੀ।