ਜਲੰਧਰ ਕਮਿਸ਼ਨਰੇਟ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੈ। ਜਿਸ 'ਚ ਬਲੈਕ ਫਿਲਮ ਤੇ ਗੈਰ-ਕਾਨੂੰਨੀ ਹੂਟਰਾਂ ਵਾਲੇ ਵਾਹਨਾਂ ਵੱਲ ਧਿਆਨ ਦਿੱਤਾ ਗਿਆ। ਪੁਲਸ ਨੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮੇਨਬਰੋ ਚੌਕ, ਮਿਲਕਬਾਰ ਚੌਕ ਤੇ ਮਾਡਲ ਟਾਊਨ ਮਾਰਕੀਟ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਅਤੇ ਵਾਹਨਾਂ ਦੀ ਚੈਕਿੰਗ ਕਰਕੇ ਚਲਾਨ ਕੱਟੇ।
ਇਹ ਮੁਹਿੰਮ ਐਮਰਜੈਂਸੀ ਰਿਸਪਾਂਸ ਸਿਸਟਮ ਟੀਮ ਦੇ ਸਹਿਯੋਗ ਨਾਲ ਥਾਣਾ ਡਵੀਜ਼ਨ ਨੰਬਰ 6 ਦੇ ਐਸ.ਐਚ.ਓ ਵੱਲੋਂ ਚਲਾਈ ਗਈ। ਇਸ ਮੁਹਿੰਮ ਦਾ ਉਦੇਸ਼ ਨਿਰਵਿਘਨ ਟ੍ਰੈਫਿਕ ਪ੍ਰਵਾਹ ਨੂੰ ਯਕੀਨੀ ਬਣਾਉਣਾ, ਸਾਰੇ ਨਾਗਰਿਕਾਂ ਲਈ ਸੁਰੱਖਿਅਤ ਸੜਕਾਂ ਪ੍ਰਦਾਨ ਕਰਨਾ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨੂੰ ਲਾਗੂ ਕਰਨਾ ਹੈ।
105 ਵਾਹਨਾਂ ਦੀ ਕੀਤੀ ਗਈ ਚੈਕਿੰਗ
ਇਸ ਮੁਹਿੰਮ ਦੌਰਾਨ 105 ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਸ 'ਚ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ। ਪੁਲਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ 12 ਵਾਹਨਾਂ ਦੇ ਚਲਾਨ 'ਤੇ ਜਿਨ੍ਹਾਂ 'ਚੋਂ 8 ਕਾਰਾਂ ’ਤੇ ਗੈਰਕਾਨੂੰਨੀ ਬਲੈਕ ਫਿਲਮ, ਦੋ ਪਹੀਆ ਵਾਹਨਾਂ ’ਤੇ ਟ੍ਰਿਪਲ ਰਾਈਡਿੰਗ ਤੇ 2 ਲਾਲ ਬੱਤੀ ਦੇ ਉਲੰਘਣ ਲਈ ਕੀਤੇ ਗਏ ਸਨ |
ਦੱਸ ਦੇਈਏ ਕਿ ਇਹ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਾਰੇ ਨਾਗਰਿਕਾਂ ਲਈ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।