ਇੰਡੀਗੋ ਦੀ ਇਕ ਫਲਾਈਟ ਨੂੰ ਬੰਬ ਦੀ ਧਮਕੀ ਮਿਲੀ ਹੈ।ਇਹ ਫਲਾਈਟ ਜਬਲਪੁਰ ਤੋਂ ਹੈਦਰਾਬਾਦ ਜਾ ਰਹੀ ਸੀ। ਇਸ ਤੋਂ ਬਾਅਦ ਫਲਾਈਟ ਦੀ ਨਾਗਪੁਰ 'ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇੰਡੀਗੋ ਏਅਰਲਾਈਨਜ਼ ਮੁਤਾਬਕ ਫਲਾਈਟ 6E 7308 ਨੂੰ ਬੰਬ ਦੀ ਧਮਕੀ ਮਿਲੀ ਸੀ। ਉਡਾਣ ਭਰਨ ਦੇ ਇੱਕ ਚੌਥਾਈ ਘੰਟੇ ਦੇ ਅੰਦਰ, ਜਹਾਜ਼ ਨੂੰ ਨਾਗਪੁਰ ਵੱਲ ਮੋੜ ਦਿੱਤਾ ਗਿਆ ਅਤੇ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਫਲਾਈਟ ਦੀ ਐਮਰਜੈਂਸੀ ਲੈਂਡਿੰਗ
ਇੰਡੀਗੋ ਏਅਰਲਾਈਨਜ਼ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ 1 ਸਤੰਬਰ 2024 ਨੂੰ ਬੰਬ ਦੀ ਧਮਕੀ ਕਾਰਨ ਜਬਲਪੁਰ ਤੋਂ ਹੈਦਰਾਬਾਦ ਜਾ ਰਹੀ ਫਲਾਈਟ 6E 7308 ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਜਾਂਚ ਕਰ ਰਹੀਆਂ ਹਨ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।
ਪਹਿਲਾਂ ਵੀ ਆ ਚੁੱਕੇ ਅਜਿਹੇ ਮਾਮਲੇ ਸਾਹਮਣੇ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 22 ਅਗਸਤ ਨੂੰ ਮੁੰਬਈ ਤੋਂ ਤਿਰੂਵਨੰਤਪੁਰਮ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਵੀ ਬੰਬ ਦੀ ਧਮਕੀ ਮਿਲੀ ਸੀ, ਜਿਸ ਕਾਰਨ ਤਿਰੂਵਨੰਤਪੁਰਮ ਹਵਾਈ ਅੱਡੇ 'ਤੇ ਪੂਰੀ ਤਰ੍ਹਾਂ ਨਾਲ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਸੀ ਪਰ ਜਾਂਚ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਇਸ ਨੂੰ ਸਿਰਫ ਅਫਵਾਹ ਦੱਸਿਆ ਸੀ।