ਪੈਰਿਸ ਓਲੰਪਿਕ ਵਿਚ ਕਾਂਸੀ ਤਮਗਾ ਜਿੱਤ ਕੇ ਭਾਰਤੀ ਪੁਰਸ਼ ਹਾਕੀ ਟੀਮ ਅੱਜ ਜਲੰਧਰ ਪਹੁੰਚੀ, ਜਿਥੇ ਉਨ੍ਹਾਂ ਦਾ ਲੋਕਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਹਾਕੀ ਟੀਮ ਅੰਮ੍ਰਿਤਸਰ ਹਵਾਈ ਅੱਡੇ ਉਤੇ ਪਹੁੰਚੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
ਜਲੰਧਰ ਵਿਚ ਕੱਢਿਆ ਰੋਡ ਸ਼ੋਅ
ਕਾਂਸੀ ਤਮਗਾ ਜੇਤੂ ਹਾਕੀ ਟੀਮ ਦੇ ਖਿਡਾਰੀਆਂ ਦੇ ਸਨਮਾਨ ਵਿੱਚ ਸ਼ਹਿਰ ਵਿਚ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਬੀ.ਐਸ.ਐਫ ਚੌਕ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਦਸ ਦੇਈਏ ਕਿ ਖਿਡਾਰੀ ਮਨਦੀਪ, ਮਨਪ੍ਰੀਤ, ਸੁਖਜੀਤ ਅਤੇ ਹਾਰਦਿਕ ਜਲੰਧਰ ਪਹੁੰਚੇ ਹਨ।
ਟੀਮ ਵਿਚ ਜਲੰਧਰ ਦੇ 5 ਖਿਡਾਰੀ
ਦੱਸ ਦੇਈਏ ਕਿ ਪੈਰਿਸ ਓਲੰਪਿਕ 2024 ਵਿੱਚ ਪੰਜਾਬ ਦੇ ਕੁੱਲ 10 ਖਿਡਾਰੀਆਂ ਨੂੰ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ ਜਲੰਧਰ ਦੇ ਪੰਜ ਖਿਡਾਰੀ ਵੀ ਸ਼ਾਮਲ ਹਨ।
ਅਗਲੀ ਵਾਰ ਹੋਰ ਮਿਹਨਤ ਕਰਾਂਗੇ
ਹਾਕੀ ਖਿਡਾਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਜਲੰਧਰ 'ਚ ਮਿਲੇ ਸਨਮਾਨ ਨੂੰ ਦੇਖ ਕੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ। ਸਾਨੂੰ ਮਾਣ ਹੈ ਕਿ ਅਸੀਂ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਣ ਵਿਚ ਕਾਮਯਾਬ ਹੋਏ ਹਾਂ। ਹਾਲਾਂਕਿ ਸਾਡਾ ਟੀਚਾ ਗੋਲਡ ਜਿੱਤਣਾ ਸੀ ਪਰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਹਰਮਨ ਪ੍ਰੀਤ ਸਿੰਘ ਅਤੇ ਜਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੈਮੀਫਾਈਨਲ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਜਿਸ ਤਰ੍ਹਾਂ ਨਾਲ ਅਸੀਂ ਖੇਡ ਰਹੇ ਸੀ, ਉਸ ਤੋਂ ਸਾਨੂੰ ਭਰੋਸਾ ਸੀ ਕਿ ਅਸੀਂ ਸੋਨ ਤਮਗਾ ਜ਼ਰੂਰ ਜਿੱਤਾਂਗੇ, ਪਰ ਅਸੀਂ ਗੋਲਡ ਤੱਕ ਨਹੀਂ ਪਹੁੰਚ ਸਕੇ | ਇਸ ਹਾਰ ਤੋਂ ਅਸੀਂ ਜੋ ਕੁਝ ਸਿੱਖਿਆ ਹੈ, ਉਸ ਤੋਂ ਬਾਅਦ ਅਸੀਂ ਦੇਸ਼ ਲਈ ਗੋਲਡ ਜਿੱਤਣ ਦੀ ਕੋਸ਼ਿਸ਼ ਕਰਾਂਗੇ।