ਜਲੰਧਰ/ ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਜਲੰਧਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ਹਿਰ ਦੇ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਵੱਖ-ਵੱਖ ਰਸਤਿਆਂ ਤੋਂ ਹੁੰਦੀ ਹੋਈ ਸ਼੍ਰੀ ਰਾਮ ਚੌਕ ਵਿਖੇ ਸਮਾਪਤ ਹੋਈ। ਸਿਟੀ ਵਾਲਮੀਕਿ ਸਭਾ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਸ਼ਰਧਾਲੂਆਂ ਨੇ ਹਿੱਸਾ ਲਿਆ।
ਸ਼ਾਨਦਾਰ ਸਟੇਜਾਂ ਸਜਾਈਆਂ
ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਚੰਦਨ ਗਰੇਵਾਲ ਦੀ ਦੇਖ-ਰੇਖ ਹੇਠ ਸ਼੍ਰੀ ਰਾਮ ਚੌਂਕ (ਕੰਪਨੀ ਬਾਗ) ਵਿਖੇ ਵਿਸ਼ਾਲ ਸਟੇਜ ਲਾਈ ਗਈ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸ਼ੋਭਾ ਯਾਤਰਾ ਦੇ ਰਸਤਿਆਂ 'ਤੇ ਸ਼ਾਨਦਾਰ ਸਟੇਜ ਸਜਾਈ। ਸ਼ੋਭਾ ਯਾਤਰਾ 'ਚ ਸ਼ਾਮਲ ਸੰਗਤਾਂ ਨੇ ਪਾਲਕੀ 'ਚ ਬਿਰਾਜਮਾਨ ਗੁਰੂ ਮਹਾਰਾਜ 'ਤੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਅਤੇ ਲੰਗਰ ਵੀ ਲਗਾਏ ਗਏ |
ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ
ਵਿਧਾਇਕ ਰਮਨ ਅਰੋੜਾ ਨੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਕਿਹਾ। ਇਸ ਦੌਰਾਨ ਚੰਦਨ ਗਰੇਵਾਲ ਨੇ ਲੋਕਾਂ ਨੂੰ ਇਕਜੁੱਟ ਹੋ ਕੇ ਰਹਿਣ ਦੀ ਪ੍ਰੇਰਨਾ ਦਿੱਤੀ। ਅਸੀਂ ਭਗਵਾਨ ਵਾਲਮੀਕਿ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਰਿਆਂ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ।
ਇਹ ਰਹੇ ਹਾਜ਼ਰ
ਸ਼ੋਭਾ ਯਾਤਰਾ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਬਾਵਾ ਹੈਨਰੀ, ਰਾਜ ਕੁਮਾਰ ਚੱਬੇਵਾਲ, ਰਜਿੰਦਰਾ ਬੇਰੀ, ਸੁਭਾਸ਼ ਸੌਂਧੀ, ਵਿਜੇ ਚੋਪੜਾ, ਐਸ.ਕੇ. ਕਲਿਆਣ, ਸੀਮਾ ਗਿੱਲ, ਵਿਧਾਇਕ ਰਮਨ ਅਰੋੜਾ, ਨਿਗਮ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਨੀ ਸਹੋਤਾ, ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿੱਕੀ ਸਹੋਤਾ, ਡਰਾਈਵਰ ਅਤੇ ਜੇਸੀਬੀ ਅਪਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ, ਸੁਪਰਡੈਂਟ ਅਸ਼ਵਨੀ ਗਿੱਲ, ਮਿੱਠੂ, ਨੀਰਜ, ਰਾਕੇਸ਼, ਨੀਰਜ ਸਾਹੀ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।