ਜਲੰਧਰ/ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿਚ ਕਈ ਥਾਵਾਂ 'ਤੇ ਲੋਕ ਆਪਣੀਆਂ ਦੁਕਾਨਾਂ ਜਾਂ ਰੇਹੜੀ ਵਾਲੇ ਸੜਕਾਂ ਉਪਰ ਸਾਮਾਨ ਆਦਿ ਰੱਖ ਕੇ ਵੇਚ ਰਹੇ ਹਨ, ਜਿਸ ਨੂੰ ਲੈ ਕੇ ਅੱਜ ਜਲੰਧਰ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਸਾਈਂ ਦਾਸ ਸਕੂਲ ਤੋਂ ਲੈ ਕੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ।
ਨਿਗਮ ਅਧਿਕਾਰੀ ਰਾਕੇਸ਼ ਹੰਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸੜਕਾਂ 'ਤੇ ਰੇਹੜੀ ਵਾਲਿਆਂ ਤੇ ਜੂਸ ਦੀਆਂ ਦੁਕਾਨਾਂ ਨਾਜਾਇਜ਼ ਤੌਰ 'ਤੇ ਲਗਾਈਆਂ ਜਾ ਰਹੀਆਂ ਹਨ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਆਵਾਜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੂੰ ਕਈ ਵਾਰ ਚਿਤਾਵਨੀ ਦਿੱਤੀ ਗਈ ਸੀ ਪਰ ਫਿਰ ਵੀ ਉਹ ਆਪਣਾ ਸਮਾਨ ਲੈ ਕੇ ਸੜਕਾਂ 'ਤੇ ਬੈਠੇ ਹਨ, ਜਿਸ ਤੋਂ ਬਾਅਦ ਅੱਜ ਟੀਮ ਵੱਲੋਂ ਕਾਰਵਾਈ ਕੀਤੀ ਗਈ।
ਤਹਿਬਾਜ਼ਾਰੀ ਟੀਮ ਨੇ ਕਾਰਵਾਈ ਕਰਦੇ ਹੋਏ ਦੁਕਾਨਾਂ ਦੇ ਬਾਹਰ ਰੱਖੇ ਬੋਰਡਾਂ ਨੂੰ ਚੁੱਕ ਲਿਆ ਤੇ ਰੇਹੜੀਆਂ ਆਦਿ ਦਾ ਸਾਮਾਨ ਵੀ ਚੁੱਕਿਆ, ਜੋ ਕਿ ਨਾਜਾਇਜ਼ ਤੌਰ ਉਤੇ ਲਾਈਆਂ ਗਈਆਂ ਸਨ। ਇਸ ਦੌਰਾਨ ਰਾਕੇਸ਼ ਹੰਸ ਨੇ ਦੱਸਿਆ ਕਿ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲੋਕ ਰੇਹੜੀਆਂ ਸੜਕਾਂ 'ਤੇ ਖੜ੍ਹੀਆਂ ਕਰ ਰਹੇ ਹਨ, ਜਿਸ ਨਾਲ ਸੜਕ 'ਤੇ ਜਾਮ ਲੱਗਾ ਰਹਿੰਦਾ ਹੈ। ਅੱਜ ਕਈ ਲੋਕਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਕਈ ਦੁਕਾਨਦਾਰਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।