ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਵਿੱਚ ਕੇਂਦਰ ਸਰਕਾਰ ਨੇ 'ਸਰਕਾਰ ਤੋਂ ਰਸੋਈ ਤੱਕ' ਸਕੀਮ ਤਹਿਤ ਆਮ ਲੋਕਾਂ ਨੂੰ 90 ਰੁਪਏ ਪ੍ਰਤੀ ਕਿਲੋ ਵਿਕਣ ਵਾਲੀ ਛੋਲਿਆਂ ਦੀ ਦਾਲ 60 ਰੁਪਏ ਕਿਲੋ ਚ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਐਨਸੀਸੀਐਫ ਵੱਲੋਂ ਛੋਲਿਆਂ ਦੀ ਦਾਲ ਦੀ ਸਪਲਾਈ ਭੇਜੀ ਗਈ ਹੈ, ਜਿਸ ਵਿੱਚ ਹਰ ਵਿਅਕਤੀ ਨੂੰ 60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ 5 ਕਿੱਲੋ ਛੋਲਿਆਂ ਦੀ ਦਾਲ ਦਿੱਤੀ ਗਈ।
ਪਿਆਜ਼ ਵੀ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤਾ ਗਿਆ
ਮਕਸੂਦਾਂ ਮੰਡੀ ਦੇ ਅੰਦਰ ਸਥਿਤ ਫਰੂਟ ਮੰਡੀ ਦੀ ਦੁਕਾਨ ਨੰਬਰ 78 ਵਿੱਚ ਛੋਲਿਆਂ ਦੀ ਦਾਲ ਦਾ ਕਾਊਂਟਰ ਲਗਾ ਕੇ ਪਰਚੂਨ ਵਿੱਚ ਦਾਲ ਦਿੱਤੀ ਗਈ। ਇਸ ਤੋਂ ਪਹਿਲਾਂ ਮੰਡੀ ਵਿੱਚ 70 ਰੁਪਏ ਕਿਲੋ ਵਿਕਣ ਵਾਲਾ ਪਿਆਜ਼ 25 ਰੁਪਏ ਕਿਲੋ ਲੋਕਾਂ ਨੂੰ ਦਿੱਤਾ ਗਿਆ। ਇਸ ਕਾਰਨ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਇਸ ਦੌਰਾਨ ਜਿੱਥੇ ਲੋਕਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਇਹ ਵੀ ਕਿਹਾ ਕਿ ਸਰਕਾਰ ਨੂੰ ਸਮੇਂ-ਸਮੇਂ 'ਤੇ ਅਜਿਹੇ ਕਦਮ ਉਠਾਉਂਦੇ ਰਹਿਣੇ ਚਾਹੀਦੇ ਹਨ ਤਾਂ ਜੋ ਗਰੀਬ ਵਰਗ ਨੂੰ ਰਾਹਤ ਮਿਲ ਸਕੇ।
ਦਾਲ ਹਰ ਰੋਜ਼ ਸਵੇਰੇ 10 ਵਜੇ ਤੋਂ ਮਿਲੇਗੀ
ਐਨਸੀਸੀਐਫ ਦੇ ਬਰਾਂਚ ਮੈਨੇਜਰ ਦੀਪਕ ਨੇ ਦੱਸਿਆ ਕਿ ਪਿਆਜ਼ ਤੋਂ ਬਾਅਦ ਹੁਣ 90 ਰੁਪਏ ਕਿਲੋ ਵਿਕਣ ਵਾਲੀ ਛੋਲਿਆਂ ਦੀ ਦਾਲ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਹਰ ਰੋਜ਼ ਸਵੇਰੇ 10 ਤੋਂ 11 ਵਜੇ ਤੱਕ ਦਾਲਾਂ ਦੀ ਵਿਕਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਾਲਾਂ ਖਰੀਦਣ ਲਈ ਲੋਕਾਂ ਨੂੰ ਆਧਾਰ ਕਾਰਡ ਜਾਂ ਕੋਈ ਹੋਰ ਆਈਡੀ ਪਰੂਫ਼ ਜ਼ਰੂਰ ਲਿਆਉਣਾ ਚਾਹੀਦਾ ਹੈ। ਆਧਾਰ ਕਾਰਡ ਤੋਂ ਬਿਨਾਂ ਕਿਸੇ ਨੂੰ ਦਾਲ ਨਹੀਂ ਦਿੱਤੀ ਜਾ ਸਕਦੀ।
ਇੱਕ ਵਿਅਕਤੀ ਨੂੰ 5 ਕਿਲੋ ਤੋਂ ਵੱਧ ਦਾਲ ਨਹੀਂ ਮਿਲੇਗੀ
ਇਸ ਦੌਰਾਨ ਬ੍ਰਾਂਚ ਮੈਨੇਜਰ ਦੀਪਕ ਨੇ ਦੱਸਿਆ ਕਿ ਹਰ ਵਿਅਕਤੀ ਨੂੰ 5 ਕਿਲੋ ਦਾਲ ਦਿੱਤੀ ਜਾਵੇਗੀ ਅਤੇ ਜਿਸ ਵਿਅਕਤੀ ਨੂੰ ਪੰਜ ਕਿਲੋ ਦਾਲ ਦੀ ਲੋੜ ਨਹੀਂ ਉਹ ਇੱਕ, ਦੋ, ਤਿੰਨ ਕਿਲੋ ਦਾਲ ਖਰੀਦ ਸਕਦਾ ਹੈ ਪਰ ਕੋਈ ਵੀ ਵਿਅਕਤੀ ਪੰਜ ਕਿਲੋ ਤੋਂ ਵੱਧ ਦਾਲ ਨਹੀਂ ਖਰੀਦ ਸਕਦਾ। , ਦੀਪਕ ਨੇ ਦੱਸਿਆ ਕਿ ਇੱਕ ਵਾਰ ਦਾਲ ਲੈਣ ਤੋਂ ਬਾਅਦ ਵਿਅਕਤੀ ਨੂੰ ਲਗਭਗ 15 ਦਿਨਾਂ ਬਾਅਦ ਦਾਲ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਬਾਕੀ ਸ਼ਹਿਰਾਂ ਵਿਚ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਵੱਖ-ਵੱਖ ਖੇਤਰਾਂ ਵਿੱਚ ਵਾਹਨ ਭੇਜ ਕੇ ਦਿੱਤਾ ਜਾਵੇਗਾ ਲਾਭ
ਐਨ.ਸੀ.ਸੀ.ਐਫ ਦੀ ਤਰਫੋਂ ਇਸ ਸਕੀਮ ਦਾ ਲਾਭ ਆਮ ਲੋਕਾਂ ਨੂੰ ਜਲੰਧਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਵਾਹਨ ਭੇਜ ਕੇ ਦਿੱਤਾ ਜਾਵੇਗਾ, ਜਿਸ ਵਿੱਚ ਲੋਕਾਂ ਨੂੰ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਦੁਕਾਨ ਨੰਬਰ 78 ਵਿੱਚ ਜਲੰਧਰ ਦੀ ਮਕਸੂਦਾਂ ਮੰਡੀ ਵਿਚ ਰੋਜ਼ਾਨਾ ਸਵੇਰੇ 10:00 ਵਜੇ ਤੋਂ ਆਮ ਜਨਤਾ ਨੂੰ ਰਾਤ 11:00 ਵਜੇ ਤੱਕ ਕਾਊਂਟਰ ਲਗਾ ਕੇ ਦਾਲ ਦਿੱਤੀ ਜਾਵੇਗੀ ਤਾਂ ਜੋ ਹਰ ਵਿਅਕਤੀ ਇਸ ਸਕੀਮ ਦਾ ਲਾਭ ਲੈ ਸਕੇ।