ਲੋਕ ਸਭਾ ਚੋਣਾਂ 2024 ਤੋਂ ਜਲੰਧਰ ਤੋਂ ਆਪ ਸੰਸਦ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਆਪ ਵਿਧਾਇਕ ਸ਼ੀਤਲ ਅੰਗੂਰਾਲ ਨੇ ਵੀ ਪਾਰਟੀ ਛੱਡ ਭਾਜਪਾ ਵਿਚ ਐਂਟਰੀ ਮਾਰ ਲਈ ਹੈ।
ਇਸ ਤੋਂ ਪਹਿਲਾਂ ਜਲੰਧਰ ਪੱਛਮੀ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ ਦੇ ਆਮ ਆਦਮੀ ਪਾਰਟੀ ਛੱਡਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਦੋਵੇਂ ਆਗੂਆਂ ਨੇ ਦਿੱਲੀ ਪਹੁੰਚੇ ਤੇ ਭਾਜਪਾ ਦੇ ਹੈੱਡਕੁਆਰਟਰ ਵਿਖੇ ਸ਼ਾਮ 4 ਵਜੇ ਬੀ ਜੇ ਪੀ ਦਫਤਰ ਵਿਚ ਭਾਜਪਾ ਜੁਆਇਨ ਕੀਤੀ। ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦੋਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ।
ਜਲੰਧਰ ਦੇ ਵਿਕਾਸ ਅਤੇ ਤਰੱਕੀ ਲਈ ਲਿਆ ਫੈਸਲਾ- ਰਿੰਕੂ
ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਇੱਕੋ ਇੱਕ ਮਕਸਦ ਹੈ ਕਿ ਜੋ ਵਿਕਾਸ ਹੋ ਰਿਹਾ ਹੈ, ਉਹ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੇਰੇ ’ਤੇ ਹੱਥ ਨਹੀਂ ਰੱਖਿਆ। ਨਰਿੰਦਰ ਮੋਦੀ ਦੀ ਕਾਰਜਸ਼ੈਲੀ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ। ਮੈਂ ਇਹ ਫੈਸਲਾ ਜਲੰਧਰ ਦੇ ਵਿਕਾਸ ਅਤੇ ਤਰੱਕੀ ਲਈ ਲਿਆ ਹੈ।
ਉਨ੍ਹਾਂ ਕਿਹਾ ਕਿ ਆਦਮਪੁਰ ਹਵਾਈ ਅੱਡੇ ਨੂੰ ਚਾਲੂ ਕਰਵਾਉਣ ਲਈ ਮੈਂ ਹਵਾਬਾਜ਼ੀ ਮੰਤਰੀ ਨੂੰ ਮਿਲਿਆ ਅਤੇ ਆਦਮਪੁਰ ਹਵਾਈ ਅੱਡੇ ਦਾ ਉਦਘਾਟਨ ਕਰਵਾਇਆ। ਜਲੰਧਰ ਲਈ ਵੰਦੇ ਭਾਰਤ ਟਰੇਨ ਦਾ ਸਟਾਪੇਜ ਰੇਲਵੇ ਮੰਤਰੀ ਅਸ਼ਵਨੀ ਕੁਮਾਰ ਵੈਸ਼ਨਵ ਤੋਂ ਲਿਆ ਗਿਆ। ਉਥੇ ਹੀ ਉਨ੍ਹਾਂ ਜਲੰਧਰ ਦੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਸੱਤਾ ਦਾ ਕੋਈ ਲਾਲਚ ਨਹੀਂ ਹੈ।
ਆਪ ਵਿਧਾਇਕ ਗੋਲਡੀ ਕੰਬੋਜ ਨੇ ਲਾਏ ਦੋਸ਼
ਇਸ ਦੌਰਾਨ 'ਆਪ' ਵਿਧਾਇਕ ਗੋਲਡੀ ਕੰਬੋਜ ਨੇ ਦੋਸ਼ ਲਾਇਆ ਹੈ ਕਿ ਭਾਜਪਾ 'ਆਪ' ਵਿਧਾਇਕਾਂ ਨੂੰ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਲਈ ਉਕਸਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਾਡੇ ਵਿਧਾਇਕਾਂ ਨੂੰ ਆਪਣੇ ਨਾਲ ਜੋੜਨ ਲਈ ਕਰੋੜਾਂ ਰੁਪਏ ਦੀ ਮੋਟੀ ਰਕਮ (20-25 ਕਰੋੜ) ਦੇ ਕੇ ਸਾਡੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।