ਜਲੰਧਰ ਨਗਰ ਨਿਗਮ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕਰ ਦਿੱਤੀਆਂ ਹਨ। ਸ਼ਹਿਰ ਦੇ 85 ਵਾਰਡਾਂ ਲਈ 448 ਉਮੀਦਵਾਰਾਂ ਨੇ ਨਾਮਜ਼ਦਗੀ ਫਾਰਮ ਭਰੇ ਹਨ। ਇਨ੍ਹਾਂ ਵਿੱਚੋਂ 146 ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਜਦਕਿ ਅਕਾਲੀ ਦਲ 30 ਵਾਰਡਾਂ ਤੋਂ ਅਤੇ ਬਸਪਾ 17 ਸੀਟਾਂ ਤੋਂ ਚੋਣ ਲੜ ਰਹੀ ਹੈ।
ਇਨ੍ਹਾਂ 'ਚ ਕੁਝ ਉਮੀਦਵਾਰ ਅਜਿਹੇ ਵੀ ਹਨ, ਜੋ ਕਾਫੀ ਸੁਰਖੀਆਂ 'ਚ ਸਨ। ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ‘ਆਪ’ ਦੇ 64ਵੇਂ ਵਾਰਡ ਤੋਂ ਚੋਣ ਲੜ ਰਹੇ ਹਨ ਜਦਕਿ ਉਨ੍ਹਾਂ ਦੀ ਪਤਨੀ ਅਨੀਤਾ ਰਾਜਾ 65ਵੇਂ ਵਾਰਡ ਤੋਂ ਚੋਣ ਲੜ ਰਹੀ ਹੈ।
ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵਾਰਡ ਨੰਬਰ 58 ਤੋਂ ਚੋਣ ਲੜ ਰਹੇ ਹਨ। ਜਦਕਿ ਇਸੇ ਵਾਰਡ ਤੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਵਾਰਡ 27 ਦੀ ਸਾਬਕਾ ਡਿਪਟੀ ਮੇਅਰ ਅਰਵਿੰਦਰ ਕੌਰ ਓਬਰਾਏ ਨੇ ਅਕਾਲੀ ਦਲ ਵੱਲੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ।