ਕਪੂਰਥਲਾ ਪੁਲਸ ਨੇ ਅਮਰੀਕਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ 12 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਨੇ ਲੰਡਾ ਅਤੇ ਉਸ ਦੇ ਯੂ.ਕੇ ਰਹਿੰਦੇ ਸਾਥੀ ਹਰਜੀਤ ਸਿੰਘ ਭੰਡਾਲ ਦੇ ਕਹਿਣ 'ਤੇ ਨੇ ਸੁਲਤਾਨਪੁਰ ਲੋਧੀ 'ਚ ਇਕ ਵਪਾਰੀ ਦੇ ਘਰ ਦੇ ਬਾਹਰ ਫਾਇਰਿੰਗ ਕਰ ਕੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੁਲਸ ਨੇ ਇਨ੍ਹਾਂ ਕੋਲੋਂ ਇੱਕ 7.65 ਬੋਰ ਦਾ ਪਿਸਤੌਲ, ਇੱਕ ਦੇਸੀ ਰਿਵਾਲਵਰ 32 ਬੋਰ, ਇੱਕ ਦੇਸੀ ਪਿਸਤੌਲ 7.62 ਬੋਰ, 26 ਰੌਂਦ ਅਤੇ 2 ਲਗਜ਼ਰੀ ਮੋਟਰਸਾਈਕਲ ਬਰਾਮਦ ਕੀਤੇ ਹਨ।
ਕਪੂਰਥਲਾ 'ਚ ਇਕ ਵਿਅਕਤੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ
ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ 10 ਮਾਰਚ ਨੂੰ ਕਪੂਰਥਲਾ ਵਿੱਚ ਇੱਕ ਵਿਅਕਤੀ ਦੇ ਘਰ ਦੇ ਬਾਹਰ ਗੋਲੀ ਚਲਾ ਕੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅਮਰੀਕਾ ਰਹਿੰਦਾ ਗੈਂਗਸਟਰ ਲਖਬੀਰ ਸਿੰਘ ਲੰਡਾ ਆਪਣੇ ਯੂ.ਕੇ ਰਹਿੰਦੇ ਸਾਥੀ ਹਰਜੀਤ ਸਿੰਘ ਭੰਡਾਲ ਨਾਲ ਮਿਲ ਕੇ ਪਰਵਾਸੀ ਭਾਰਤੀਆਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਦਾ ਸੀ। ਇਸ 'ਤੇ ਆਪ੍ਰੇਸ਼ਨ ਟੀਮ ਨੇ ਇਨਪੁਟ ਅਤੇ ਤਕਨੀਕੀ ਆਧਾਰ 'ਤੇ ਜਾਲ ਵਿਛਾ ਕੇ ਸੁਲਤਾਨਪੁਰ ਲੋਧੀ, ਤਰਨਤਾਰਨ, ਸੰਗਰੂਰ, ਜਲੰਧਰ ਅਤੇ ਸ਼ਾਹਕੋਟ ਤੋਂ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ।
ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਕੀਤੀਆਂ ਗ੍ਰਿਫਤਾਰੀਆਂ
ਪੁਲਸ ਨੇ ਅੱਗੇ ਦੱਸਿਆ ਕਿ ਪਹਿਲਾਂ ਮੁੱਖ ਦੋਸ਼ੀ ਜਸਵੀਰ ਸਿੰਘ ਉਰਫ ਜੱਸਾ ਵਾਸੀ ਪਿੰਡ ਗਿੱਲ ਨਕੋਦਰ, ਯੂ.ਕੇ ਨਿਵਾਸੀ ਹਰਜੀਤ ਸਿੰਘ ਦੇ ਭਰਾ ਮਨਿੰਦਰ ਸਿੰਘ ਵਾਸੀ ਪਿੰਡ ਚਿੱਟੀ ਜਲੰਧਰ, ਗੁਰਜੀਤ ਸਿੰਘ ਉਰਫ ਗਿਆਨੀ ਵਾਸੀ ਨਕੋਦਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਤੋਂ ਬਾਅਦ ਯੁਵਰਾਜ ਕੁਮਾਰ ਉਰਫ਼ ਕਾਲੂ ਵਾਸੀ ਨਕੋਦਰ, ਅੰਗਰੇਜ਼ ਸਿੰਘ ਉਰਫ਼ ਗੇਜ਼ੀ ਵਾਸੀ ਸੰਗਰੂਰ, ਮਨਪ੍ਰੀਤ ਸਿੰਘ ਉਰਫ਼ ਗੋਲਡੀ ਵਾਸੀ ਸੰਗਰੂਰ, ਪਰਵਿੰਦਰ ਸਿੰਘ ਉਰਫ਼ ਅਮਲੀ ਵਾਸੀ ਨਕੋਦਰ, ਜਸਪ੍ਰੀਤ ਸਿੰਘ ਉਰਫ਼ ਜੱਸਾ ਵਾਸੀ ਸੰਗਰੂਰ, ਬਲਵਿੰਦਰ ਸਿੰਘ ਉਰਫ਼ ਬਿੱਲਾ ਵਾਸੀ ਸੁਲਤਾਨਪੁਰ ਲੋਧੀ, ਸੁਖਪ੍ਰੀਤ ਸਿੰਘ ਵਾਸੀ ਸ਼ਾਹਕੋਟ, ਹਰਜੀਤ ਸਿੰਘ ਵਾਸੀ ਸ਼ਾਹਕੋਟ ਅਤੇ ਵਿਸ਼ਾਲ ਉਰਫ਼ ਬਿੱਲੀ ਵਾਸੀ ਸ਼ਾਹਕੋਟ ਨੂੰ ਕਾਬੂ ਕੀਤਾ ਗਿਆ |
ਮੁਲਜ਼ਮ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ
ਐਸਐਸਪੀ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਉਨ੍ਹਾਂ ਨੂੰ ਵਿਦੇਸ਼ ਤੋਂ ਗਾਈਡ ਕੀਤਾ ਗਿਆ ਕਿ ਪਿਸਤੌਲ ਕਿੱਥੋਂ ਲਿਆਉਣਾ ਹੈ, ਮੋਟਰਸਾਈਕਲ ਕਿੱਥੋਂ ਲਿਆਉਣਾ ਹੈ ਤੇ ਕਿਸ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਹੈ। ਹੁਣ ਤੱਕ ਦੀ ਪੁੱਛਗਿੱਛ 'ਚ ਦੋ ਟਾਰਗੇਟ ਸਾਹਮਣੇ ਆਏ ਹਨ। ਇਕ ਮਾਮਲੇ ਵਿਚ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਬਾਰੇ ਪੁੱਛਗਿੱਛ ਜਾਰੀ ਹੈ। ਸੁਲਤਾਨਪੁਰ ਲੋਧੀ ਦੇ ਇੱਕ ਕਾਰੋਬਾਰੀ ਤੋਂ ਵਿਦੇਸ਼ੀ ਕਾਲਾਂ ਰਾਹੀਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਲੰਡਾ ਅਤੇ ਹਰਜੀਤ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਦੇ ਕਈ ਹੋਰ ਮੈਂਬਰ ਜਲਦੀ ਹੀ ਪੁਲਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਫੜੇ ਗਏ ਮੁਲਜ਼ਮਾਂ ਦੀ ਉਮਰ 19 ਤੋਂ 22 ਸਾਲ ਦਰਮਿਆਨ
ਐਸਐਸਪੀ ਨੇ ਦੱਸਿਆ ਕਿ ਇਹ ਸਾਰੇ ਨੌਜਵਾਨ 19 ਤੋਂ 22 ਸਾਲ ਦੀ ਉਮਰ ਦੇ ਹਨ। ਮੁੱਖ ਮੁਲਜ਼ਮ ਜੱਸਾ ਜਲੰਧਰ, ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ, ਹੁਸ਼ਿਅਰਪੁਰ ਵਿੱਚ ਦਰਜ ਲੁੱਟ-ਖੋਹ ਅਤੇ ਅਸਲਾ ਐਕਟ ਦੇ ਅੱਠ ਕੇਸਾਂ ਵਿੱਚ ਪੀ.ਓ. ਜਦੋਂ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜ ਕੇਸ ਟਰੇਸ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੌਕੇ ਐਸਪੀ-ਡੀ ਸਰਬਜੀਤ ਰਾਏ, ਡੀਐਸਪੀ-ਡੀ ਗੁਰਮੀਤ ਸਿੰਘ, ਸੀਆਈਏ ਸਟਾਫ਼ ਇੰਚਾਰਜ ਜਰਨੈਲ ਸਿੰਘ, ਸੁਲਤਾਨਪੁਰ ਲੋਧੀ ਥਾਣੇ ਦੇ ਐਸਐਚਓ ਹਰਗੁਰਦੇਵ ਸਿੰਘ ਆਦਿ ਹਾਜ਼ਰ ਸਨ।