1 ਮਈ ਨੂੰ ਹਰ ਸਾਲ ਪੂਰੀ ਦੁਨੀਆਂ 'ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ।ਮਜ਼ਦੂਰ ਦਿਵਸ ਮਨਾਉਣ ਦੀ ਮਹੱਤਤਾ ਮਜ਼ਦੂਰਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਜ਼ਦੂਰ ਦਿਵਸ ਜਾਂ ਮਈ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦਾ ਇਤਿਹਾਸ
ਮਜ਼ਦੂਰਾਂ ਨੂੰ ਸਮਰਪਿਤ ਇਸ ਦਿਨ ਨੂੰ ਮਨਾਉਣ ਦਾ ਫੈਸਲਾ 1889 'ਚ ਕੀਤਾ ਗਿਆ ਸੀ। ਦੱਸ ਦਈਏ ਕਿ 1886 'ਚ ਅਮਰੀਕਾ 'ਚ ਮਜ਼ਦੂਰਾਂ ਨੇ 8 ਘੰਟੇ ਕੰਮਕਾਜੀ ਦਿਨ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ, ਜਿਸ ਵਿੱਚ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਉਦੋਂ ਇੱਕ ਦਿਨ ਵਿੱਚ ਮਜ਼ਦੂਰ 15-15 ਘੰਟੇ ਕੰਮ ਕਰਦੇ ਸਨ। ਮਜ਼ਦੂਰਾਂ ਦੇ ਹੜਤਾਲ ਉਤੇ ਚਲੇ ਜਾਣ ਤੋਂ ਬਾਅਦ 4 ਮਈ ਨੂੰ ਸ਼ਿਕਾਗੋ ਦੇ ਹੇਅਮਾਰਕੇਟ ਸਕੁਏਅਰ 'ਚ ਭੀੜ ਇਕੱਠੀ ਹੋਈ, ਜਿਸ 'ਤੇ ਪੁਲਸ ਨੇ ਗੋਲੀ ਚਲਾ ਦਿੱਤੀ।ਇਸ ਗੋਲੀਬਾਰੀ ਕਾਰਨ ਕਈ ਮਜ਼ਦੂਰਾਂ ਦੀ ਜਾਨ ਚਲੀ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਇਸ ਦੁਖਦਾਈ ਘਟਨਾ ਦੀ ਯਾਦ 'ਚ, 1889 'ਚ ਪੈਰਿਸ 'ਚ ਹੋਈ ਦੂਜੀ ਅੰਤਰਰਾਸ਼ਟਰੀ ਸਮਾਜਵਾਦੀ ਕਾਂਗਰਸ ਨੇ ਹਰ ਸਾਲ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ।
ਉਸ ਸਮੇਂ ਦੌਰਾਨ ਮਜ਼ਦੂਰਾਂ ਨੂੰ ਕਠੋਰ ਹਾਲਾਤਾਂ 'ਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਮਜ਼ਦੂਰਾਂ ਨੂੰ ਘੱਟ ਉਜਰਤ ਦੇ ਕੇ 15-ਘੰਟੇ ਦਿਨ ਵਿਚ ਕੰਮ ਕਰਵਾਇਆ ਜਾਂਦਾ ਸੀ। ਅਜਿਹੇ 'ਚ ਮਜ਼ਦੂਰ ਆਪਣੇ ਹੱਕਾਂ ਲਈ ਹੜਤਾਲ 'ਤੇ ਚਲੇ ਗਏ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਮਹੱਤਤਾ
ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਉਨ੍ਹਾਂ ਸਾਰੇ ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਯਾਦ ਕਰਨਾ ਹੈ, ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਘੱਟ ਉਜਰਤਾਂ ਅਤੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਦਿਨ ਉਨ੍ਹਾਂ ਸਾਰੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਬਰਾਬਰੀ ਅਤੇ ਨਿਆਂ ਲਈ ਲੜਾਈ ਲੜੀ। ਮਜ਼ਦੂਰ ਦਿਵਸ ਦੁਨੀਆ ਭਰ ਦੇ ਮਜ਼ਦੂਰਾਂ ਨੂੰ ਇੱਕਜੁੱਟ ਹੋਣ ਲਈ ਪ੍ਰੇਰਿਤ ਕਰਦਾ ਹੈ ਤੇ ਸਮਾਜਕ ਨਿਆਂ ਅਤੇ ਬਰਾਬਰੀ ਲਈ ਏਕਤਾ ਦਾ ਪ੍ਰਤੀਕ ਹੈ।
CM ਮਾਨ ਨੇ ਮਜ਼ਦੂਰ ਦਿਵਸ 'ਤੇ ਦਿੱਤੀਆਂ ਵਧਾਈਆਂ
ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਲਿਖਿਆ, "ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ! ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਦੇਸ਼ ਦੀ ਤਰੱਕੀ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਿਹਨਤੀ ਮਜ਼ਦੂਰ, ਕਿਰਤੀ, ਕਾਮਿਆਂ ਨੂੰ ਬਹੁਤ-ਬਹੁਤ ਵਧਾਈਆਂ..."