ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਹਿਜ ਅਰੋੜਾ ਕਹਿ ਰਹੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣਗੇ ਤੇ ਪੁੱਛਣਗੇ ਕਿ ਕੀ ਉਨ੍ਹਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਹੈ ਜਾਂ ਨਹੀਂ। ਕਿਉਂਕਿ ਹਾਲ ਹੀ ਵਿੱਚ ਕੁਝ ਨਿਹੰਗਾਂ ਨੇ ਕੁੱਲ੍ਹੜ ਪੀਜ਼ਾ ਕਪਲ ਦੇ ਰੈਸਟੋਰੈਂਟ ਵਿੱਚ ਆ ਕੇ ਹੰਗਾਮਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਸਹਿਜ ਅਰੋੜਾ ਵੀਡੀਓ ਬਣਾਉਣਾ ਚਾਹੁੰਦੇ ਹਨ ਤਾਂ ਉਹ ਬਿਨਾਂ ਪੱਗ ਦੇ ਬਣਾਉਣ ਕਿਉਂਕਿ ਉਸ ਦੀਆਂ ਇਨ੍ਹਾਂ ਹਰਕਤਾਂ ਕਾਰਣ ਸਿੱਖ ਕੌਮ ਦਾ ਅਪਮਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਬੱਚਿਆਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਸਹਿਜ ਅਰੋੜਾ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪਿਛਲੇ 2-3 ਦਿਨਾਂ ਤੋਂ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਮੈਂ ਦਸਤਾਰ ਸਜਾਵਾਂਗਾ ਜਾਂ ਨਹੀਂ, ਇਸ ਮਾਮਲੇ ਦਾ ਜਵਾਬ ਲੈਣ ਲਈ ਮੈਂ ਜਲਦ ਹੀ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਵਾਂਗਾ ਅਤੇ ਇੱਕ ਅਰਜ਼ੀ ਦੇਵਾਂਗਾ। ਜਿੱਥੇ ਮੈਂ ਗਲਤ ਹਾਂ, ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸਾਡੇ ਸਿੱਖਾਂ ਦੀ ਸਰਵਉੱਚ ਸੰਸਥਾ ਹੀ ਸਹੀ ਅਤੇ ਗਲਤ ਦੀ ਚੋਣ ਕਰ ਸਕਦੀ ਹੈ।
ਸਹਿਜ ਅਰੋੜਾ ਨੇ ਅੱਗੇ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ। ਮੇਰੀ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਕਿ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਇਸ ਤਰ੍ਹਾਂ ਦਾ ਮਾਹੌਲ ਸਾਡੇ ਰੈਸਟੋਰੈਂਟ ਦੇ ਬਾਹਰ ਵਾਰ-ਵਾਰ ਨਾ ਬਣਾਇਆ ਜਾਵੇ, ਸਾਨੂੰ ਪ੍ਰੇਸ਼ਾਨ ਨਾ ਹੋਣਾ ਪਵੇ।