ਪਟਿਆਲਾ ਵਿੱਚ ਮੇਅਰ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਟਿਆਲਾ ਵਿੱਚ ਆਮ ਆਦਮੀ ਪਾਰਟੀ ਨੇ ਕੁੰਦਨ ਗੋਗੀਆ ਨੂੰ ਸ਼ਾਹੀ ਸ਼ਹਿਰ ਦਾ ਮੇਅਰ ਬਣਾਇਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਜਗਦੀਪ ਸਿੰਘ ਨੂੰ ਬਣਾਇਆ ਗਿਆ ਹੈ। ਇਸ ਨਾਲ 'ਆਪ' ਪੰਜਾਬ 'ਚ ਪਹਿਲੀ ਵਾਰ ਨਿਗਮ ਹਾਊਸ ਚਲਾਏਗੀ।
ਦੱਸ ਦੇਈਏ ਕਿ ਪਟਿਆਲਾ ਦੇ ਹਾਊਸ ਦੇ ਕੌਂਸਲਰਾਂ ਨੂੰ ਸਹੁੰ ਚੁਕਾਏ ਜਾਣ ਤੋਂ ਬਾਅਦ ਅੱਜ ਕੁੰਦਨ ਗੋਗੀਆ ਨੂੰ ਨਗਰ ਨਿਗਮ ਦਾ ਨਵਾਂ ਮੇਅਰ ਚੁਣ ਲਿਆ ਗਿਆ। ਜਦਕਿ ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵਜੋਂ ਜਗਦੀਪ ਸਿੰਘ ਰਾਏ ਨੂੰ ਚੁਣਿਆਂ ਗਿਆ। ਇਹ ਸਮੁਚੀ ਚੋਣ ਪ੍ਰਕ੍ਰਿਆ ਸਰਵਸੰਮਤੀ ਨਾਲ ਨੇਪਰੇ ਚੜ੍ਹੀ। ਇਸ ਤੋਂ ਬਾਅਦ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਮੌਜੂਦਗੀ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੇ ਆਪਣੇ ਅਹੁਦੇ ਸੰਭਾਲੇ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵੀ ਮੌਜੂਦ ਸਨ।
ਇਸ ਤੋਂ ਪਹਿਲਾ ਨਗਰ ਨਿਗਮ ਦੇ ਸਾਹਿਰ ਲੁਧਿਆਣਵੀ ਮੀਟਿੰਗ ਹਾਲ ਵਿਖੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 35 ਅਧੀਨ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਲਈ ਐਕਟ ਦੀ ਧਾਰਾ 56 ਅਧੀਨ ਪਹਿਲੀ ਮੀਟਿੰਗ ਸੱਦੀ ਗਈ ਸੀ। ਇਸ ਮੌਕੇ ਨਗਰ ਨਿਗਮ ਹਾਊਸ ਦੇ ਐਕਸ ਆਫ਼ਿਸਿਓ ਮੈਂਬਰ ਵਜੋਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੀ ਸ਼ਾਮਲ ਹੋਏ। ਜਦੋਂ ਕਿ ਪਟਿਆਲਾ ਮੰਡਲ ਦੇ ਮੰਡਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਸਹੁੰ ਚੁਕਾਉਣ ਦੀ ਕਾਰਵਾਈ ਨੂੰ ਨੇਪਰੇ ਚਾੜ੍ਹਿਆ ਅਤੇ ਕੌਂਸਲਰਾਂ ਨੇ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਕੇ ਪ੍ਰਮਾਤਮਾ ਦੇ ਨਾਮ 'ਤੇ ਭਾਰਤ ਦੇ ਸੰਵਿਧਾਨ ਪ੍ਰਤੀ ਵਿਸ਼ਵਾਸ਼ ਅਤੇ ਨਿਸ਼ਠਾ ਦੀ ਸਹੁੰ ਚੁੱਕੀ।
ਮੰਡਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 38 ਅਧੀਨ ਮੇਅਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਐਕਟ ਦੀ ਧਾਰਾ 60 (ਏ) ਅਧੀਨ ਵਾਰਡ ਨੰਬਰ 14 ਤੋਂ ਕੌਂਸਲਰ ਗੁਰਕ੍ਰਿਪਾਲ ਸਿੰਘ ਨੂੰ ਪ੍ਰੀਜਾਈਡਿੰਗ ਅਫ਼ਸਰ ਮਨੋਨੀਤ ਕੀਤਾ।
ਇਸ ਤੋਂ ਬਾਅਦ ਕਾਰਵਾਈ ਚਲਾਉਂਦਿਆਂ ਗੁਰਕ੍ਰਿਪਾਲ ਸਿੰਘ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਸੱਦਾ ਦਿੰਦਿਆਂ ਹਾਊਸ ਤੋਂ ਤਜਵੀਜ ਮੰਗੀ। ਇਸ ਤੋਂ ਬਾਅਦ ਵਾਰਡ ਨੰਬਰ 34 ਦੇ ਕੌਂਸਲਰ ਤੇਜਿੰਦਰ ਮਹਿਤਾ ਨੇ ਵਾਰਡ ਨੰਬਰ 30 ਤੋਂ ਚੁਣੇ ਗਏ ਕੌਂਸਲਰ ਕੁੰਦਨ ਗੋਗੀਆ ਦੇ ਨਾਮ ਦੀ ਤਜਵੀਜ ਕੀਤੀ। ਕੁੰਦਨ ਗੋਗੀਆ ਦੇ ਨਾਮ ਦੀ ਤਾਈਦ ਵਾਰਡ ਨੰਬਰ 29 ਤੋਂ ਕੌਂਸਲਰ ਸ੍ਰੀਮਤੀ ਮੁਕਤਾ ਗੁਪਤਾ ਨੇ ਕੀਤੀ ਅਤੇ ਸਮੂਹ ਹਾਜਰ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਕੁੰਦਨ ਗੋਗੀਆ ਦੇ ਨਾਮ 'ਤੇ ਸਰਵਸੰਮਤੀ ਪ੍ਰਗਟਾਈ ਅਤੇ ਕੁੰਦਨ ਗੋਗੀਆ ਨੂੰ ਮੇਅਰ ਚੁਣ ਲਿਆ ਗਿਆ।
ਇਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਵਾਰਡ ਨੰਬਰ 6 ਤੋਂ ਕੌਂਸਲਰ ਜਸਬੀਰ ਸਿੰਘ ਨੇ ਵਾਰਡ ਨੰਬਰ 28 ਤੋਂ ਕੌਂਸਲਰ ਹਰਿੰਦਰ ਕੋਹਲੀ ਦੇ ਨਾਮ ਦੀ ਤਜਵੀਜ ਰੱਖੀ ਅਤੇ ਵਾਰਡ ਨੰਬਰ 18 ਤੋਂ ਕੌਂਸਲਰ ਗਿਆਨ ਚੰਦ ਨੇ ਤਾਈਦ ਕੀਤੀ। ਇਸੇ ਤਰ੍ਹਾਂ ਡਿਪਟੀ ਮੇਅਰ ਦੇ ਅਹੁਦੇ ਲਈ ਵਾਰਡ ਨੰਬਰ 12 ਤੋਂ ਕੌਂਸਲਰ ਜਗਦੀਪ ਸਿੰਘ ਰਾਏ ਦੇ ਨਾਮ ਦੀ ਤਜਵੀਜ ਵਾਰਡ ਨੰਬਰ 8 ਤੋਂ ਕੌਂਸਲਰ ਸ਼ੰਕਰ ਲਾਲ ਨੇ ਕੀਤੀ ਅਤੇ ਇਨ੍ਹਾਂ ਦੇ ਨਾਮ ਦੀ ਤਾਈਦ ਵਾਰਡ ਨੰਬਰ 38 ਤੋਂ ਕੌਂਸਲਰ ਹਰਪਾਲ ਜੁਨੇਜਾ ਨੇ ਕੀਤੀ। ਇਸ ਤਰ੍ਹਾਂ ਹਰਿੰਦਰ ਕੋਹਲੀ ਅਤੇ ਜਗਦੀਪ ਸਿੰਘ ਰਾਏ ਦੀ ਚੋਣ ਵੀ ਸਮੂਹ ਕੌਂਸਲਰਾਂ ਵੱਲੋਂ ਹੱਥ ਖੜ੍ਹੇ ਕਰਕੇ ਸਰਵ ਸੰਮਤੀ ਨਾਲ ਕਰ ਲਈ ਗਈ।
ਜਾਣਕਾਰੀ ਅਨੁਸਾਰ ਰਾਜ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਨੰਬਰ ਐਸ.ਈ.ਸੀ.-ਐਮ.ਈ.-ਐਸ.ਏ.ਐਮ.-2024/63 ਮਿਤੀ 3 ਜਨਵਰੀ 2025 ਨੂੰ ਜਾਰੀ ਕੀਤਾ ਗਿਆ ਸੀ। ਇਸ ਤਹਿਤ ਨਿਗਮ ਐਕਟ ਦੀ ਧਾਰਾਵਾਂ ਤਹਿਤ ਮੰਡਲ ਕਮਿਸ਼ਨਰ ਪਟਿਆਲਾ ਵੱਲੋਂ ਨਵੇਂ ਕੌਂਸਲਰਾਂ ਦੀ ਸਹੁੰ ਚੁੱਕਣ ਬਾਰੇ ਨੋਟਿਸ ਜਾਰੀ ਕੀਤਾ ਗਿਆ ਸੀ। ਅੱਜ ਮੇਅਰ ਤੇ ਹੋਰ ਅਹੁਦੇਦਾਰਾਂ ਦੀ ਚੋਣ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਓਬਰਾਏ, ਏਡੀਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਤੇ ਦੀਪਜੋਤ ਕੌਰ ਵੀ ਮੌਜੂਦ ਸਨ।