ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਤੀਜੇ ਦਿਨ ਵੀ ਫਰੀ ਰਹੇਗਾ। ਕਿਸਾਨ ਪਿਛਲੇ 2 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਇਸ ਟੋਲ ‘ਤੇ ਬੈਠੇ ਹਨ। ਕੱਲ੍ਹ ਪ੍ਰਸ਼ਾਸਨਿਕ ਅਧਿਕਾਰੀ ਅਤੇ NHAI ਦੇ ਪ੍ਰੋਜੈਕਟ ਡਾਇਰੈਕਟਰ ਨਵਰਤਨ ਨੇ ਵੀ ਕਿਸਾਨਾਂ ਨਾਲ ਮੁਲਾਕਾਤ ਕੀਤੀ। ਹੁਣ ਤੱਕ ਦੋ ਦਿਨਾਂ ਵਿੱਚ ਕਰੀਬ 80 ਹਜ਼ਾਰ ਵਾਹਨ ਮੁਫ਼ਤ ਟੋਲ ਪਲਾਜ਼ਾ ਤੋਂ ਲੰਘ ਚੁੱਕੇ ਹਨ। ਲੋਕਾਂ ਨੇ ਟੈਕਸ ਭਰਨ ਤੋਂ ਕਰੀਬ 2 ਕਰੋੜ ਰੁਪਏ ਦੀ ਬੱਚਤ ਕੀਤੀ ਹੈ।ਇਸ ਬਾਰੇ ਟੋਲ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ।
ਪੁਰਾਣੇ ਦਰਾਂ ਨੂੰ ਲਾਗੂ ਕਰਨ ਦੀ ਮੰਗ
ਇਸ ਸਬੰਧੀ ਕਿਸਾਨ ਆਗੂ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਟੋਲ ਪਲਾਜ਼ਿਆਂ ’ਤੇ ਤਿੰਨ ਵਾਰ ਰੇਟ ਵਧਾ ਦਿੱਤੇ ਗਏ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਹੈ। ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਇੱਕ ਮਹੀਨੇ ਲਈ 150 ਰੁਪਏ ਦਾ ਪਾਸ ਦਿੱਤਾ ਜਾਂਦਾ ਸੀ, ਪਰ ਹੁਣ ਉਸ ਪਾਸ ਦੀ ਦਰ ਵਧਾ ਕੇ 340 ਰੁਪਏ ਕਰ ਦਿੱਤੀ ਗਈ ਹੈ। ਜੇ ਲਾਡੋਵਾਲ ਜਾਂ ਫਿਲੌਰ ਦੇ ਕਿਸੇ ਵੀ ਵਿਅਕਤੀ ਨੂੰ ਟੋਲ ਪਲਾਜ਼ਾ ਦੇ ਆਲੇ-ਦੁਆਲੇ ਜਾਣਾ ਪੈਂਦਾ ਹੈ ਤਾਂ ਉਸ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਟੋਲ ਦਰਾਂ ‘ਚ ਵਾਧਾ ਵਾਪਸ ਨਹੀਂ ਲੈਂਦੇ, ਕਿਸਾਨ ਯੂਨੀਅਨ ਦੇ ਮੈਂਬਰ ਟੋਲ ਪਲਾਜ਼ਾ ‘ਤੇ ਧਰਨਾ ਦੇ ਕੇ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।
ਅਣਮਿੱਥੇ ਸਮੇਂ ਲਈ ਜਾਰੀ ਰਹੇਗਾ ਧਰਨਾ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਟੋਲ ਪਲਾਜ਼ਾ 'ਤੇ ਇਹ ਧਰਨਾ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਟੋਲ ਪਲਾਜ਼ਾ 'ਤੇ ਰੇਟ ਵਿਚ ਕੀਤਾ ਗਿਆ ਇਜਾਫ਼ਾ ਵਾਪਸ ਨਹੀਂ ਲਿਆ ਜਾਂਦਾ।ਉਨ੍ਹਾਂ ਦੱਸਿਆ ਕਿ ਅੱਜ ਟੋਲ ਪਲਾਜ਼ਾ 'ਤੇ ਕਿਸਾਨ ਯੂਨੀਅਨ ਨੂੰ ਕਈ ਸੰਗਠਨਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਡਾ ਧਰਨਾ ਲੋਕਾਂ ਦੀ ਸਮੱਸਿਆ ਦੇ ਹੱਲ ਲਈ ਲਗਾਇਆ ਗਿਆ ਹੈ। ਜਦੋਂ ਤਕ ਟੋਲ ਰੇਟ ਵਿਚ ਕੀਤਾ ਗਿਆ ਵਾਧਾ ਘੱਟ ਨਹੀਂ ਹੁੰਦਾ, ਉਦੋਂ ਤਕ ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।