ਘਰ 'ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਹਰ ਸਮੇਂ ਸਖ਼ਤ ਸੁਰੱਖਿਆ ਹੇਠ ਨਜ਼ਰ ਆਉਂਦੇ ਹਨ। ਹਾਲਾਂਕਿ ਇਸ ਦੌਰਾਨ ਅਦਾਕਾਰ ਦੁਬਈ ਅਤੇ ਯੂਰਪ ਵੀ ਜਾ ਚੁੱਕੇ ਹਨ। ਅਦਾਕਾਰ ਦੇ ਘਰ 'ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਨਵੀਂ ਮੁੰਬਈ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਰੈਂਸ ਗੈਂਗ ਨੇ ਸਲਮਾਨ ਨੂੰ ਮਾਰਨ ਲਈ 25 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਇਸ ਮਾਮਲੇ 'ਚ ਗ੍ਰਿਫਤਾਰ ਲਾਰੈਂਸ ਗੈਂਗ ਦੇ 5 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਹ ਦੋਸ਼ੀ ਸਲਮਾਨ 'ਤੇ ਹਮਲਾ ਕਰਨ ਲਈ ਪਾਕਿਸਤਾਨ ਤੋਂ AK-47 ਰਾਈਫਲ, AK-92 ਰਾਈਫਲ ਅਤੇ M-16 ਰਾਈਫਲ ਖਰੀਦਣ ਦੀ ਤਿਆਰੀ ਕਰ ਰਹੇ ਸਨ। ਇਸ ਤੋਂ ਇਲਾਵਾ ਉਨਾਂ ਨੇ ਜਿਗਾਨਾ ਪਿਸਤੌਲ ਮਗੰਵਾਉਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ।
14 ਅਪ੍ਰੈਲ ਨੂੰ ਸਲਮਾਨ ਦੇ ਘਰ ਗਲੈਕਸੀ ਅਪਾਰਟਮੈਂਟ 'ਤੇ ਗੋਲੀਬਾਰੀ ਹੋਈ ਸੀ। 24 ਅਪ੍ਰੈਲ ਨੂੰ ਨਵੀਂ ਮੁੰਬਈ ਪੁਲਿਸ ਨੇ ਲਾਰੈਂਸ ਗੈਂਗ ਦੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ , ਪਨਵੇਲ 'ਚ ਸਲਮਾਨ ਦੀ ਕਾਰ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ । ਇਨ੍ਹਾਂ ਮੁਲਜ਼ਮਾਂ ਦੀ ਪਛਾਣ ਧਨੰਜੈ ਉਰਫ ਅਜੇ ਕਸ਼ਯਪ, ਗੌਰਵ ਭਾਟੀਆ ਉਰਫ ਨਈ, ਵਾਸਪੀ ਖਾਨ ਉਰਫ ਵਸੀਮ ਚਿਕਨਾ ਅਤੇ ਜੀਸ਼ਾਨ ਖਾਨ ਉਰਫ ਜਾਵੇਦ ਖਾਨ ਵਜੋਂ ਹੋਈ ਹੈ। ਮਾਮਲੇ ਦੇ ਪੰਜਵੇਂ ਮੁਲਜ਼ਮ ਨੂੰ ਪੁਲੀਸ ਨੇ 3 ਜੂਨ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਇਸ ਮਾਮਲੇ 'ਚ ਲਾਰੈਂਸ, ਉਸ ਦੇ ਭਰਾ ਅਨਮੋਲ, ਗੋਲਡੀ ਬਰਾੜ ਸਮੇਤ ਕੁੱਲ 18 ਲੋਕਾਂ ਖਿਲਾਫ ਐੱਫ.ਆਈ.ਆਰ. ਕੀਤੀ ਹੈ |
ਇਨ੍ਹਾਂ ਚਾਰਾਂ ਨੇ ਸਲਮਾਨ ਦੇ ਘਰ ਅਤੇ ਫਾਰਮ ਹਾਊਸ ਦੀ ਰੇਕੀ ਕੀਤੀ ਸੀ। ਇਨ੍ਹਾਂ 'ਚੋਂ ਅਜੈ ਕਸ਼ਯਪ ਨੇ ਵੀਡੀਓ ਕਾਲ ਰਾਹੀਂ ਪਾਕਿਸਤਾਨ 'ਚ ਰਹਿਣ ਵਾਲੇ ਡੋਗਰ ਨਾਂ ਦੇ ਵਿਅਕਤੀ ਨਾਲ ਸੰਪਰਕ ਕੀਤਾ ਸੀ। ਉਹ ਸਲਮਾਨ 'ਤੇ ਹਮਲਾ ਕਰਨ ਲਈ ਉਥੋਂ AK-47 ਮੰਗਵਾਉਣ ਵਾਲੇ ਸੀ। ਉਹ ਨਾਬਾਲਗਾਂ ਦੇ ਜ਼ਰੀਏ ਸਲਮਾਨ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਹਮਲੇ ਤੋਂ ਬਾਅਦ ਉਨ੍ਹਾਂ ਦੀ ਯੋਜਨਾ ਕਿਸ਼ਤੀ ਰਾਹੀਂ ਕੰਨਿਆਕੁਮਾਰੀ ਤੋਂ ਸ੍ਰੀਲੰਕਾ ਭੱਜਣ ਦਾ ਸੀ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਵੀ ਸਵੇਰੇ 5 ਵਜੇ ਸਲਮਾਨ ਖਾਨ ਦੇ ਬਾਂਦਰਾ 'ਚ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਗੋਲੀਬਾਰੀ ਕੀਤੀ ਗਈ ਸੀ। ਦੋ ਬਾਈਕ 'ਤੇ ਆਏ ਹਮਲਾਵਰਾਂ ਨੇ 5 ਰਾਊਂਡ ਫਾਇਰ ਕੀਤੇ। ਗੋਲੀਬਾਰੀ ਦੇ ਸਮੇਂ ਸਲਮਾਨ ਆਪਣੇ ਘਰ 'ਚ ਹੀ ਸਨ। ਘਟਨਾ ਤੋਂ ਬਾਅਦ ਸਲਮਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ।
ਸਲਮਾਨ ਦੀ ਹਰ ਹਰਕਤ ‘ਤੇ ਰੱਖੀ ਜਾ ਰਹੀ ਸੀ ਨਜ਼ਰ
ਪੁਲਸ ਨੇ ਚਾਰਜਸ਼ੀਟ ‘ਚ ਦੱਸਿਆ ਹੈ ਕਿ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਅਗਸਤ 2023 ਤੋਂ ਅਪ੍ਰੈਲ 2024 ਦਰਮਿਆਨ ਬਣਾਈ ਗਈ ਸੀ। ਪੁਲਸ ਨੇ ਇਹ ਵੀ ਦੱਸਿਆ ਕਿ ਲਗਭਗ 60 ਤੋਂ 70 ਲੋਕ ਸਲਮਾਨ ਖਾਨ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਹੇ ਸਨ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਹ ਸਾਰੇ ਸਲਮਾਨ ਦੇ ਮੁੰਬਈ ਸਥਿਤ ਘਰ, ਪਨਵੇਲ ਸਥਿਤ ਫਾਰਮ ਹਾਊਸ ਅਤੇ ਗੋਰੇਗਾਂਵ ਫਿਲਮ ਸਿਟੀ ਤੋਂ ਲੈ ਕੇ ਸਲਮਾਨ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਹੇ ਸਨ।