ਖ਼ਬਰਿਸਤਾਨ ਨੈੱਟਵਰਕ- ਜਲੰਧਰ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰੇਨੇਡ ਹਮਲੇ ਦਾ ਵਕੀਲਾਂ ਨੇ ਵਿਰੋਧ ਕੀਤਾ। ਵਕੀਲਾਂ ਨੇ ਵਿਰੋਧ ਪ੍ਰਦਰਸ਼ਨ ਕਾਰਨ ਅਦਾਲਤ ਵਿੱਚ ਆਪਣਾ ਕੰਮ ਬੰਦ ਕਰ ਦਿੱਤਾ ਹੈ। ਜਿਸ ਕਾਰਨ ਅੱਜ ਅਦਾਲਤ ਵਿੱਚ ਕੋਈ ਕੰਮ ਨਹੀਂ ਹੋਵੇਗਾ, ਹਾਲਾਂਕਿ ਅਦਾਲਤ ਖੁੱਲ੍ਹੀ ਹੈ ਅਤੇ ਸੁਣਵਾਈ ਲਈ ਅਗਲੀ ਤਰੀਕ ਦਿੱਤੀ ਜਾ ਰਹੀ ਹੈ। ਇਸ ਦੌਰਾਨ ਵਕੀਲਾਂ ਨੇ ਪੰਜਾਬ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ- ਆਦਿਤਿਆ ਜੈਨ
ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਦਿਤਿਆ ਜੈਨ ਨੇ ਕਿਹਾ ਕਿ ਮਨੋਰੰਜਨ ਕਾਲੀਆ ਸਾਬਕਾ ਮੰਤਰੀ ਹੋਣ ਦੇ ਨਾਲ-ਨਾਲ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਰਹੇ ਹਨ। ਅਸੀਂ ਉਨ੍ਹਾਂ ਦੇ ਘਰ 'ਤੇ ਹੋਏ ਗ੍ਰੇਨੇਡ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਹਮਲਾ ਸਿਰਫ਼ ਮਨੋਰੰਜਨ ਕਾਲੀਆ 'ਤੇ ਨਹੀਂ ਸਗੋਂ ਪੂਰੇ ਲੀਗਲ ਫ੍ਰਟਨੀਟੀ 'ਤੇ ਹੈ। ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਪੁਲਸ ਪ੍ਰਸ਼ਾਸਨ ਦੀ ਨਾਕਾਮੀ ਹੈ
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਹ ਹਮਲਾ ਪੁਲਿਸ ਸਟੇਸ਼ਨ ਦੇ ਨੇੜੇ ਹੋ ਸਕਦਾ ਹੈ ਤਾਂ ਇਹ ਪੁਲਿਸ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਅਸਫਲਤਾ ਹੈ। ਅਸੀਂ ਚਾਹੁੰਦੇ ਹਾਂ ਕਿ ਸ਼ਹਿਰ ਵਿੱਚ ਵੱਧ ਤੋਂ ਵੱਧ ਪੁਲਿਸ ਤਾਇਨਾਤ ਕੀਤੀ ਜਾਵੇ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ। ਕੁਝ ਪੁਲਿਸ ਅਧਿਕਾਰੀ ਵਧੀਆ ਕੰਮ ਨਹੀਂ ਕਰ ਰਹੇ ਹਨ। ਪੰਜਾਬ ਦੇ ਮੌਜੂਦਾ ਹਾਲਾਤ 40 ਸਾਲ ਪਹਿਲਾਂ ਵਰਗੇ ਹੋ ਗਏ ਹਨ।
ਪੰਜਾਬ ਨੂੰ ਅੱਤਵਾਦ ਦੇ ਦੌਰ ਵਿੱਚ ਵਾਪਸ ਲਿਜਾਇਆ ਜਾ ਰਿਹਾ ਹੈ- ਆਰ.ਕੇ. ਭੱਲਾ
ਇਸ ਦੌਰਾਨ ਸਾਬਕਾ ਪ੍ਰਧਾਨ ਆਰ.ਕੇ. ਭੱਲਾ ਨੇ ਕਿਹਾ ਕਿ ਪਹਿਲਾਂ ਪੁਲਿਸ ਥਾਣਿਆਂ 'ਤੇ ਹਮਲੇ ਹੋ ਰਹੇ ਸਨ ਅਤੇ ਹੁਣ ਸਿਆਸਤਦਾਨਾਂ 'ਤੇ ਹਮਲੇ ਹੋ ਰਹੇ ਹਨ। ਪੰਜਾਬ ਵਿੱਚ ਕਾਨੂੰਨ ਵਿਵਸਥਾ ਕਿੱਥੇ ਖੜ੍ਹ ਗਈ ਹੈ? ਸਰਕਾਰ ਸਿਰਫ਼ ਤਬਾਦਲੇ ਕਰ ਰਹੀ ਅਤੇ ਇਸ਼ਤਿਹਾਰ ਦੇ ਰਹੀ ਹੈ। ਇਸ ਹਮਲੇ ਨਾਲ ਸਿਰਫ਼ ਪੰਜਾਬ ਹੀ ਨਹੀਂ ਸਗੋਂ ਪੂਰਾ ਦੇਸ਼ ਹਿੱਲ ਗਿਆ ਹੈ। ਅਸੀਂ ਆਪਣੇ ਮੁੱਖ ਮੰਤਰੀ ਨੂੰ ਆਪਣੀ ਨੀਂਦ ਤੋਂ ਜਾਗਣ ਦੀ ਬੇਨਤੀ ਕਰਦੇ ਹਾਂ। ਪੰਜਾਬ ਨੂੰ ਇੱਕ ਵਾਰ ਫਿਰ ਅੱਤਵਾਦ ਦੇ ਦੌਰ ਵਿੱਚ ਵਾਪਸ ਲਿਜਾਇਆ ਜਾ ਰਿਹਾ ਹੈ। ਅਸੀਂ ਸਾਰੇ ਵਕੀਲ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ।
ਬਾਰ ਐਸੋਸੀਏਸ਼ਨ ਦੇ ਇਹ ਮੈਂਬਰ ਮੌਜੂਦ ਸਨ
ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਦਿੱਤਿਆ ਜੈਨ, ਸਾਬਕਾ ਪ੍ਰਧਾਨ ਆਰ.ਕੇ ਭੱਲਾ, ਰੋਹਿਤ ਗੰਭੀਰ, ਐਚ.ਵੀ ਕੋਹਲੀ, ਜਸਵੰਤ ਸਿੰਘ ਮੇਜਰ, ਮਨਦੀਪ ਸਿੰਘ ਸਚਦੇਵਾ, ਮਨਿਤ ਮਲਹੋਤਰਾ, ਵਿਕਾਸ ਭਾਰਦਵਾਜ, ਪ੍ਰਿਤਪਾਲ ਸਿੰਘ, ਰਾਜੀਵ ਕੋਹਲੀ, ਸਾਹਿਲ ਮਲਹੋਤਰਾ, ਰਵੀਸ਼ ਮਲਹੋਤਰਾ, ਕਰਨ ਕਾਲੀਆ, ਰਾਮ ਛਾਬੜਾ, ਐਚ.ਵੀ.ਸ਼ਰਮਾ ਆਦਿ ਹਾਜ਼ਰ ਸਨ।
ਹਮਲਾ ਰਾਤ 2 ਵਜੇ ਹੋਇਆ
ਜ਼ਿਕਰਯੋਗ ਹੈ ਕਿ ਮੰਗਲਵਾਰ ਦੇਰ ਰਾਤ ਲਗਭਗ 2 ਵਜੇ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ ਹੋਇਆ ਸੀ। ਜਦੋਂ ਧਮਾਕਾ ਹੋਇਆ, ਤਾਂ ਮਨਰੰਜਨ ਕਾਲੀਆ ਆਪਣੇ ਪਰਿਵਾਰ ਨਾਲ ਘਰ ਵਿੱਚ ਮੌਜੂਦ ਸਨ ਅਤੇ ਧਮਾਕੇ ਦੀ ਆਵਾਜ਼ ਸੁਣ ਕੇ ਉਹ ਸਹਿਮ ਗਏ। ਘਟਨਾ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ।