ਤਰਨਤਾਰਨ ਦੇ ਪਿੰਡ ਕੰਗ ਦੇ ਇੱਕ ਸਰਕਾਰੀ ਸਕੂਲ 'ਚ ਤੇਂਦੁਆ ਵੜ ਗਿਆ। ਜਿਸ ਕਾਰਨ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਕੂਲ ਦੇ ਵਿਦਿਆਰਥੀ ਤੇ ਸਮੁੱਚਾ ਸਟਾਫ਼ ਗੁਰਦੁਆਰਾ ਸਾਹਿਬ 'ਚ ਬੈਠੇ ਹਨ ਤੇ ਉਥੇ ਹੀ ਉਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਿੰਡ ਵਿੱਚ ਤੇਂਦੁਆ 2-3 ਦਿਨਾਂ ਤੋਂ ਘੁੰਮ ਰਿਹਾ ਹੈ। ਸੀਸੀਟੀਵੀ ਕੈਮਰੇ 'ਚ ਉਸ ਦਾ ਪਰਛਾਵਾਂ ਵੀ ਦੇਖਿਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤੇਂਦੁਆ ਸਵੇਰੇ 4 ਵਜੇ ਪਿੰਡ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ, ਉਦੋਂ ਹੀ ਇਹ ਸਕੂਲ ਵਿੱਚ ਵੜ ਗਿਆ।
ਕੰਧ ਟੱਪ ਕੇ ਸਕੂਲ 'ਚ ਵੜਿਆ
ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਨੇ ਵੀ ਦੇਖਿਆ ਕਿ ਤੇਂਦੁਆ ਕੰਧ ਟੱਪ ਕੇ ਸਕੂਲ ਅੰਦਰ ਦਾਖਲ ਹੋ ਗਿਆ ਸੀ। ਇਸ ਦੇ ਨਾਲ ਹੀ ਪਿੰਡ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ ਵੀ ਪਹੁੰਚ ਗਏ ਸਨ ਅਤੇ ਜੰਗਲਾਤ ਵਿਭਾਗ ਦੀ ਟੀਮ ਵੀ ਪਿੰਡ ਆ ਗਈ ਸੀ।
ਫੜਨ ਲਈ ਲਗਾਇਆ ਪਿੰਜਰਾ
ਉਨ੍ਹਾਂ ਦੱਸਿਆ ਕਿ ਇਸ ਚੀਤੇ ਨੂੰ ਫੜਨ ਲਈ ਅੱਜ ਪਿੰਜਰਾ ਲਗਾਇਆ ਗਿਆ ਹੈ। ਦੱਸ ਦੇਈਏ ਕਿ ਇਸ ਪਿੰਡ ਵਿੱਚ 7 ਸਾਲ ਪਹਿਲਾਂ ਇੱਕ ਚੀਤਾ ਆਇਆ ਸੀ ਜਿਸ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ ਕਾਬੂ ਕਰ ਲਿਆ ਸੀ।