ਲੁਧਿਆਣਾ ਦੇ ਖੰਨਾ ਵਿੱਚ ਗੰਜੇਪਨ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਇੱਕ ਸੈਲੂਨ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ। ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਗੰਜੇਪਨ ਦੇ ਇਲਾਜ ਲਈ ਖੰਨਾ ਵਿੱਚ ਇੱਕ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਸਿਹਤ ਅਧਿਕਾਰੀ ਡਾ. ਰਮਨ ਨੇ ਕਿਹਾ ਕਿ ਸੰਗਰੂਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਸੈਲੂਨ ਵਿੱਚ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਕਾਰਨ ਲੋਕਾਂ ਦੀਆਂ ਅੱਖਾਂ ਵਿਚ ਤਕਲੀਫ ਹੋਣੀ ਸ਼ੁਰੂ ਹੋ ਗਈ । ਜਦੋਂ ਵਿਭਾਗ ਨੂੰ ਖੰਨਾ ਵਿੱਚ ਵੀ ਇਸੇ ਤਰ੍ਹਾਂ ਦੇ ਕੈਂਪ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਕਾਰਵਾਈ ਕੀਤੀ।
ਸੈਲੂਨ ਨੂੰ ਸੀਲ ਕਰਨ ਤੋਂ ਬਾਅਦ, ਸਿਹਤ ਵਿਭਾਗ ਨੇ ਕਿਹਾ ਹੈ ਕਿ ਜਦੋਂ ਸੈਲੂਨ ਮਾਲਕ ਜਾਂ ਕੋਈ ਕਰਮਚਾਰੀ ਅੱਗੇ ਆਵੇਗਾ ਤਾਂ ਸੈਲੂਨ ਖੋਲ੍ਹਿਆ ਜਾਵੇਗਾ ਅਤੇ ਦਵਾਈ ਦੇ ਨਮੂਨੇ ਲਏ ਜਾਣਗੇ। ਸੈਲੂਨ ਉਦੋਂ ਤੱਕ ਸੀਲ ਰਹੇਗਾ।
ਸੰਗਰੂਰ 'ਚ ਗੰਜੇਪਨ ਦਾ ਇਲਾਜ ਕਰਵਾਉਣ ਆਏ ਲੋਕਾਂ ਨੂੰ ਅੱਖਾਂ ਦੀ ਆਈ ਦਿੱਕਤ
ਬੀਤੇ ਦਿਨ ਸੰਗਰੂਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਥੇ ਗੰਜਾਪਣ ਦੂਰ ਕਰਨ ਲਈ ਇੱਕ ਕੈਂਪ ਲਗਾਇਆ ਗਿਆ ਸੀ। ਇਸ ਕੈਪ ਵਿਚ ਜਦੋਂ ਲੋਕਾਂ ਦੇ ਸਿਰ ਉੱਤੇ ਦਵਾਈ ਲਗਾਈ ਗਈ ਤਾਂ ਉਸ ਤੋਂ ਥੋੜੇ ਸਮੇਂ ਬਾਅਦ ਕਰੀਬ 60 ਤੋਂ 70 ਵਿਅਕਤੀਆਂ ਨੂੰ ਅੱਖਾਂ ਵਿਚ ਖ਼ਾਰਸ਼ ਹੋਣ ਲੱਗ ਪਈ ਤੇ ਇਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ। ਇਹ ਮਾਮਲਾ ਜਦੋਂ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਕੈਪ ਪ੍ਰਬੰਧਕ ਸਮੇਤ ਦੋ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ।