ਖਬਰਿਸਤਾਨ ਨੈੱਟਵਰਕ- ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵਿਧਾਇਕ ਰਮਨ ਅਰੋੜਾ ਦੇ ਘਰ ਵਿਜੀਲੈਂਸ ਦੀ ਛਾਪੇਮਾਰੀ ਜਾਰੀ ਹੈ। ਕਿਸੇ ਨੂੰ ਵੀ ਅੰਦਰ ਜਾਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੋਰਟਲ 'ਤੇ ਰਮਨ ਅਰੋੜਾ ਵਿਰੁੱਧ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਉਸ ਵਿਰੁੱਧ ਇਹ ਕਾਰਵਾਈ ਕੀਤੀ ਗਈ।
ਘਰ ਅੰਦਰ ਮੰਗਵਾਈਆਂ ਗਈਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ
ਵਿਜੀਲੈਂਸ ਦੀ ਟੀਮ ਸਵੇਰੇ 8 ਵਜੇ ਹੀ ਰਮਨ ਦੇ ਘਰ ਪੁੱਜ ਗਈ ਸੀ, ਉਦੋਂ ਤੋਂ ਹੀ ਰੇਡ ਜਾਰੀ ਹੈ। ਰਮਨ ਅਰੋੜਾ ਉਤੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਕਾਰਵਾਈ ਹੋ ਰਹੀ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਅਰੋੜਾ ਦੇ ਘਰ ਅੰਦਰ ਵਿਜੀਲੈਂਸ ਵਲੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਹਨ।
ਸੀ ਐਮ ਪੋਰਟਲ 'ਤੇ ਸ਼ਿਕਾਇਤਾਂ ਮਿਲ ਰਹੀਆਂ ਸਨ
ਜਾਣਕਾਰੀ ਦਿੰਦਿਆਂ 'ਆਪ' ਆਗੂ ਬਲਤੇਜ ਪੰਨੂ ਨੇ ਕਿਹਾ ਕਿ ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਸਬੰਧੀ ਮੁੱਖ ਮੰਤਰੀ ਦੇ ਪੋਰਟਲ 'ਤੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜਲੰਧਰ ਦੇ ਸਹਾਇਕ ਟਾਊਨ ਪਲਾਨਰ ਸੁਖਦੇਵ ਵਸ਼ਿਸ਼ਟ ਨਾਲ ਮਿਲੀਭੁਗਤ ਕਰਕੇ, ਉਹ ਲੋਕਾਂ ਨੂੰ ਨੋਟਿਸ ਭੇਜਦਾ ਸੀ ਅਤੇ ਫਿਰ ਮਾਮਲੇ ਨੂੰ ਸੁਲਝਾਉਣ ਲਈ ਮੋਟੀਆਂ ਰਕਮਾਂ ਲੈਂਦਾ ਸੀ।
ਵਿਧਾਇਕ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ
ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਪਹਿਲਾਂ ਏਟੀਪੀ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਫਿਰ ਅੱਜ ਵਿਧਾਇਕ ਰਮਨ ਅਰੋੜਾ ਵਿਰੁੱਧ ਛਾਪੇਮਾਰੀ ਕੀਤੀ ਜਾ ਰਹੀ ਹੈ। ਰਮਨ ਅਰੋੜਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਸਦੇ ਘਰ 'ਤੇ ਵਿਜੀਲੈਂਸ ਛਾਪੇਮਾਰੀ ਚੱਲ ਰਹੀ ਹੈ। ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾ ਰਹੀ ਹੈ।