ਮਹਾਦੇਵ ਸੱਟਾ ਐਪ ਦੇ ਕਿੰਗਪਿਨ ਸੌਰਭ ਚੰਦਰਾਕਰ ਨੂੰ ਇੰਟਰਪੋਲ ਅਧਿਕਾਰੀਆਂ ਨੇ ਦੁਬਈ ਤੋਂ ਗ੍ਰਿਫਤਾਰ ਕਰ ਲਿਆ ਹੈ। ਇੰਟਰਪੋਲ ਅਧਿਕਾਰੀਆਂ ਨੇ ਦੁਬਈ ਪੁਲਸ ਦੀ ਮਦਦ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਹੈ। ਯੂਏਈ ਦੇ ਅਧਿਕਾਰੀਆਂ ਨੇ ਸੌਰਭ ਚੰਦਰਾਕਰ ਦੀ ਹਿਰਾਸਤ ਬਾਰੇ ਭਾਰਤ ਸਰਕਾਰ ਅਤੇ ਸੀਬੀਆਈ ਨੂੰ ਸੂਚਿਤ ਕਰ ਦਿੱਤਾ ਹੈ। ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ।
ਸੌਰਭ ਨੂੰ 10 ਦਿਨਾਂ ਵਿੱਚ ਭਾਰਤ ਲਿਆਂਦਾ ਜਾ ਸਕਦੈ
ਮੀਡੀਆ ਰਿਪੋਰਟਾਂ ਮੁਤਾਬਕ ਇਹ ਅਧਿਕਾਰੀ ਆਪਣੀ ਪਛਾਣ ਛੁਪਾ ਕੇ ਲੰਬੇ ਸਮੇਂ ਤੋਂ ਦੁਬਈ 'ਚ ਰਹਿ ਰਹੇ ਸਨ। ਇਹ ਸਾਰੇ ਅਧਿਕਾਰੀ ਸੌਰਭ ਚੰਦਰਾਕਰ ਦੇ ਟਿਕਾਣਿਆਂ 'ਤੇ ਨਜ਼ਰ ਰੱਖ ਰਹੇ ਸਨ। ਇਸ ਤੋਂ ਬਾਅਦ ਮੌਕਾ ਮਿਲਦੇ ਹੀ ਸੌਰਭ ਚੰਦਰਾਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਭਾਰਤ ਡਿਪੋਰਟ ਕਰਨ ਦੀਆਂ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਅਗਲੇ 10 ਦਿਨਾਂ ਵਿੱਚ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।
ਜਲੰਧਰ 'ਚ ਕਾਰੋਬਾਰੀ ਚੰਦਰ ਅਗਰਵਾਲ ਦੇ ਘਰ ਹੋ ਚੁੱਕੀ ਰੇਡ
ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੀ ਜੀਟੀਬੀ ਨਗਰ ਕੋਠੀ ਅਤੇ ਨਕੋਦਰ ਰੋਡ 'ਤੇ ਸਥਿਤ ਦਫ਼ਤਰ 'ਤੇ ਈਡੀ ਦੀ ਛਾਪੇਮਾਰੀ ਤੋਂ ਬਾਅਦ ਜਲੰਧਰ 'ਚ ਰੀਅਲ ਅਸਟੇਟ ਕਾਰੋਬਾਰ ਦੀਆਂ ਖ਼ਬਰਾਂ ਦਾ ਬਾਜ਼ਾਰ ਗਰਮ ਰਿਹਾ। ਇਸ ਦੇ ਨਾਲ ਹੀ ਹੁਣ ਰੀਅਲ ਅਸਟੇਟ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਉਰਫ ਸ਼ੇਖਰ ਦੇ ਘਰ ਅਤੇ ਦਫਤਰ 'ਤੇ ਈਡੀ ਦੀ ਛਾਪੇਮਾਰੀ ਪੂਰੀ ਹੋ ਗਈ ਹੈ। ਈਡੀ ਨੂੰ ਦਫ਼ਤਰ ਅਤੇ ਘਰ ਤੋਂ ਅਹਿਮ ਸੁਰਾਗ ਅਤੇ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਜਾਵੇਗੀ। ਈਡੀ ਨੂੰ ਦਫ਼ਤਰ ਤੋਂ ਜਾਇਦਾਦ ਦਾ ਰਿਕਾਰਡ ਅਤੇ ਪੈਸੇ ਦੇ ਲੈਣ-ਦੇਣ ਦਾ ਰਿਕਾਰਡ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਉਸ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ।
ਜਾਣੋ ਮਹਾਦੇਵ ਬੈਟਿੰਗ ਐਪ ਦਾ ਜਾਲ ਕਿਵੇਂ ਫੈਲਿਆ
ਮਹਾਦੇਵ ਸੱਟੇਬਾਜ਼ੀ ਐਪ ਆਨਲਾਈਨ ਸੱਟੇਬਾਜ਼ੀ ਲਈ ਬਣਾਈ ਗਈ ਸੀ। ਇਸ 'ਤੇ ਯੂਜ਼ਰਸ ਪੋਕਰ, ਕਾਰਡ ਗੇਮਜ਼, ਚਾਂਸ ਗੇਮਜ਼ ਨਾਂ ਦੀਆਂ ਲਾਈਵ ਗੇਮਾਂ ਖੇਡਦੇ ਸਨ। ਐਪ ਰਾਹੀਂ ਕ੍ਰਿਕਟ, ਬੈਡਮਿੰਟਨ, ਟੈਨਿਸ, ਫੁੱਟਬਾਲ ਵਰਗੀਆਂ ਖੇਡਾਂ ਅਤੇ ਚੋਣਾਂ 'ਤੇ ਸੱਟੇਬਾਜ਼ੀ ਵੀ ਕੀਤੀ ਜਾਂਦੀ ਸੀ। ਇਸ ਐਪ ਦਾ ਨੈੱਟਵਰਕ ਗੈਰ-ਕਾਨੂੰਨੀ ਸੱਟੇਬਾਜ਼ੀ ਦੇ ਨੈੱਟਵਰਕ ਰਾਹੀਂ ਤੇਜ਼ੀ ਨਾਲ ਫੈਲਿਆ।
ਸੌਰਭ ਚੰਦਰਾਕਰ 'ਤੇ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦਾ ਦੋਸ਼ ਹੈ। ਹਜ਼ਾਰ ਕਰੋੜ ਦੇ ਘੁਟਾਲੇ ਦਾ ਇਹ ਮੁਲਜ਼ਮ ਪਹਿਲਾਂ ਆਮ ਜੂਸ ਵੇਚਣ ਵਾਲਾ ਸੀ। ਕੁਝ ਸਾਲ ਪਹਿਲਾਂ ਤੱਕ ਸੌਰਭ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਚੰਦਰਾਕਰ ਜੂਸ ਫੈਕਟਰੀ ਦੇ ਨਾਂ ਨਾਲ ਜੂਸ ਦੀ ਦੁਕਾਨ ਚਲਾਉਂਦਾ ਸੀ। ਉਸ ਦੀ ਸੜਕ ਦੇ ਕਿਨਾਰੇ ਦੁਕਾਨ ਸੀ ਇਸ ਲਈ ਉਸ ਦੀ ਆਮਦਨ ਜ਼ਿਆਦਾ ਨਹੀਂ ਸੀ, ਉਹ ਹੋਰ ਪੈਸਾ ਕਮਾਉਣਾ ਚਾਹੁੰਦਾ ਸੀ, ਉਸਨੇ ਆਪਣੀ ਜੂਸ ਦੀ ਦੁਕਾਨ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ।
ਛੱਤੀਸਗੜ੍ਹ ਦੇ ਕਈ ਸ਼ਹਿਰਾਂ ਵਿੱਚ ਜੂਸ ਫੈਕਟਰੀ ਨਾਂ ਦੀਆਂ ਦੁਕਾਨਾਂ ਖੁੱਲ੍ਹ ਗਈਆਂ। ਜੂਸ ਵੇਚਣ ਦੇ ਨਾਲ-ਨਾਲ ਸੌਰਭ ਚੰਦਰਾਕਰ ਨੂੰ ਸੱਟੇਬਾਜ਼ੀ ਦੀ ਵੀ ਆਦਤ ਸੀ। ਪਹਿਲਾਂ ਉਹ ਆਫਲਾਈਨ ਸੱਟੇਬਾਜ਼ੀ ਖੇਡਦਾ ਸੀ, ਪਰ ਕੋਰੋਨਾ ਕਾਰਨ ਉਸ ਨੇ ਆਨਲਾਈਨ ਸੱਟੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਲਾਕਡਾਊਨ ਦੌਰਾਨ ਉਸ ਨੇ ਰਵੀ ਉੱਪਲ ਨਾਂ ਦੇ ਵਿਅਕਤੀ ਨਾਲ ਮਿਲ ਕੇ ਮਹਾਦੇਵ ਬੈਟਿੰਗ ਐਪ ਲਾਂਚ ਕੀਤੀ।