ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਦਿੱਲੀ ਦੇ ਨਿਗਮਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਤਿੰਨ ਫ਼ੌਜਾਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ ਅਤੇ ਫਿਰ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮਨਮੋਹਨ ਸਿੰਘ ਨੂੰ 21 ਤੋਪਾਂ ਦੀ ਸਲਾਮੀ ਦੇਣ ਤੋਂ ਬਾਅਦ ਉਨ੍ਹਾਂ ਦੀ ਧੀ ਵੱਲੋਂ ਚਿਤਾ ਨੂੰ ਅਗਨੀ ਭੇਟ ਕੀਤੀ ਗਈ।
ਡਾ. ਮਨਮੋਹਨ ਦੇ ਅੰਤਿਮ ਸੰਸਕਾਰ ਸਮੇਂ ਪਤਨੀ ਗੁਰਸ਼ਰਨ ਕੌਰ, ਵੱਡੀ ਬੇਟੀ ਉਪਿੰਦਰ ਸਿੰਘ (65), ਦੂਜੀ ਬੇਟੀ ਦਮਨ ਸਿੰਘ (61) ਅਤੇ ਤੀਜੀ ਬੇਟੀ ਅੰਮ੍ਰਿਤ ਸਿੰਘ (58) ਨਿਗਮਬੋਧ ਘਾਟ ਵਿਖੇ ਮੌਜੂਦ ਸਨ। ਪਰਿਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ।
ਕਾਂਗਰਸ ਭਵਨ ਤੋਂ ਅੰਤਿਮ ਯਾਤਰਾ ਕੱਢੀ ਗਈ
ਇਸ ਤੋਂ ਪਹਿਲਾਂ ਕਾਂਗਰਸ ਦਫ਼ਤਰ ਤੋਂ ਨਿਗਮ ਬੋਧ ਘਾਟ ਤੱਕ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਗਈ। ਇਸ 'ਚ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਸਨ। ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ।
ਸੰਸਕਾਰ ਮੌਕੇ ਪਹਿਨਾਈ ਮਨਪਸੰਦ ਨੀਲੀ ਪੱਗ
ਸਸਕਾਰ ਮੌਕੇ ਵੀ ਮਨਮੋਹਨ ਸਿੰਘ ਜੀ ਨੂੰ ਉਨ੍ਹਾਂ ਦੀ ਮਨਪਸੰਦ ਨੀਲੀ ਪੱਗ ਬੰਨ੍ਹੀ ਗਈ ਸੀ। ਕੈਂਬਰਿਜ ਯੂਨੀਵਰਸਿਟੀ ਨੂੰ ਯਾਦ ਰੱਖਣ ਲਈ ਉਨ੍ਹਾਂ ਨੇ ਇਸ ਦੇ ਇੱਕ ਰੰਗ ਨੂੰ ਆਪਣੀ ਪੱਗ ਦਾ ਸਿਗਨੇਚਰ ਰੰਗ ਬਣਾ ਲਿਆ ਸੀ।