ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕਰਨ ਲਈ ਮੋਗੈਂਬੋਸ, ਗੱਬਰ ਤੇ ਗਜ਼ਨੀ ਦਾ ਸਹਾਰਾ ਲਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਕਈ ਚੌਰਾਹਿਆਂ 'ਤੇ ਵੱਖ-ਵੱਖ ਗ੍ਰਾਫ਼ਿਟੀ ਬਣਾ ਕੇ ਲੋਕਾਂ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ |
70 ਫੀਸਦੀ ਰੱਖਿਆ ਗਿਆ ਵੋਟਿੰਗ ਦਾ ਟੀਚਾ
ਡਿਪਟੀ ਕਮਿਸ਼ਨਰ ਕਮ ਚੋਣ ਅਫ਼ਸਰ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 70 ਫੀਸਦੀ ਤੋਂ ਵੱਧ ਵੋਟਿੰਗ ਦਾ ਟੀਚਾ ਹਾਸਲ ਕਰਨ ਲਈ ਨਿਵੇਕਲੀ ਪਹਿਲ ਕੀਤੀ ਗਈ ਹੈ। ਜਿਸ ਕਾਰਨ ਲੋਕਾਂ ਨੂੰ ਵੋਟਿੰਗ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਥਾਵਾਂ 'ਤੇ ਬਾਲੀਵੁੱਡ ਦੇ ਮਸ਼ਹੂਰ ਡਾਇਲਾਗ ਤੇ ਕਿਰਦਾਰਾਂ ਦੀ ਵਰਤੋਂ ਕੀਤੀ ਗਈ ਹੈ। ਜੋ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ।
ਅਰੇ ਓ ਸਾਂਭਾ ਵੋਟਾਂ ਕਦੋ ਨੇ ਵਰਗੇ ਨਾਅਰੇ ਲਿਖੇ
ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਬਣੀਆਂ ਗਰੈਫਿਟੀਜ਼ ਲੋਕਾਂ ਖਾਸਕਰ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਤੇ 'ਨੌਜਵਾਨਾਂ ਦਾ ਇਕੋ ਹੀ ਟਸ਼ਨ ਮਨਾਵਾਂਗੇ ਵੋਟਾਂ ਦਾ ਜਸ਼ਨ','ਅਰੇ ਓ ਸਾਂਭਾ ਕਦੋ ਨੇ ਵੋਟਾਂ','01 ਜੂਨ 2024', 'ਇਹ ਨਾ ਸੋਚੋ ਕਿ ਇਕ ਵੋਟ ਨਾਲ ਕੀ ਫਰਕ ਪਵੇਗਾ, ਤੁਹਾਡੀ ਵੋਟ ਭਵਿੱਖ ਵਿਚ ਫਰਕ ਪਾਵੇਗੀ'ਵਰਗੇ ਨਾਅਰਿਆਂ ਨਾਲ ਦੇਸ਼ ਦੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਹੋ ਰਹੇ ਹਨ।
ਇਸ ਵਾਰ 16.42 ਲੱਖ ਲੋਕ ਪਾਉਣਗੇ ਵੋਟ
ਡੀਸੀ ਨੇ ਅੱਗੇ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ-2024 ਦੌਰਾਨ ਜ਼ਿਲ੍ਹੇ ਦੇ 16.42 ਲੱਖ ਵੋਟਰ 1951 ਵੋਟਿੰਗ ਬੂਥਾਂ 'ਤੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟ ਪ੍ਰਤੀਸ਼ਤ ਨੂੰ ਵਧਾਉਣ ਦੇ ਉਦੇਸ਼ ਨਾਲ ਹਰ ਵਿਧਾਨ ਸਭਾ ਹਲਕੇ ਵਿੱਚ ਸਵੀਪ ਪ੍ਰੋਗਰਾਮ ਤਹਿਤ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ ਅਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ ਹੈ।