ਜਲੰਧਰ ਪੱਛਮੀ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਮਹਿੰਦਰ ਭਗਤ, ਮੰਤਰੀ ਅਮਨ ਅਰੋੜਾ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਅਤੇ ਪਵਨ ਕੁਮਾਰ ਟੀਨੂੰ ਨੇ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਜਿੱਤ ਤੋਂ ਬਾਅਦ ਮਹਿੰਦਰ ਭਗਤ ਨੇ ਕਿਹਾ ਕਿ 'ਆਪ' ਪੰਜਾਬ ਦੀਆਂ ਬਾਕੀ 4 ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਵੀ ਜਿੱਤੇਗੀ ਅਤੇ ਜਲੰਧਰ ਨਗਰ ਨਿਗਮ 'ਚ 'ਆਪ' ਦਾ ਮੇਅਰ ਬਣੇਗਾ।
ਨਿਗਮ ਚੋਣਾਂ ਵਿੱਚ ਵੀ ਇੱਕ ਤਰਫਾ ਜਿੱਤ ਹਾਸਲ ਕਰੇਗੀ ਆਪ
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੱਛਮੀ ਹਲਕੇ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਉਹ ਕਿਸੇ ਵਿਅਕਤੀ ਨੂੰ ਨਹੀਂ ਸਗੋਂ ਪਾਰਟੀ ਨੂੰ ਵੋਟ ਦਿੰਦੇ ਹਨ ਕਿਉਂਕਿ ਜਦੋਂ ਸ਼ੀਤਲ ਅੰਗੁਰਾਲ ਜਿੱਤਿਆ ਸੀ ਤਾਂ ਸ਼ੀਤਲ ਆਮ ਆਦਮੀ ਪਾਰਟੀ ਨਾਲ ਸੀ ਅਤੇ ਅੱਜ ਮਹਿੰਦਰ ਭਗਤ ਆਪ ਕੈਂਡੀਡੇਟ ਵਜੋਂ ਚੋਣ ਜਿੱਤੇ ਹਨ। ਜਿਹੜੇ ਲੋਕ ਜਲੰਧਰ ਪੱਛਮੀ ਨੂੰ ਆਪਣੀ ਜੇਬ ਵਿਚ ਸਮਝਦੇ ਸਨ, ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਾਰਟੀ ਜਲੰਧਰ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਨਿਗਮ ਚੋਣਾਂ ਵਿੱਚ ਵੀ ਇੱਕ ਤਰਫਾ ਜਿੱਤ ਹਾਸਲ ਕਰੇਗੀ।
ਨਸ਼ਾਖੋਰੀ ਅਤੇ ਜੂਏ ਨੂੰ ਖਤਮ ਕਰਾਂਗੇ
ਜਿੱਤ ਤੋਂ ਬਾਅਦ ਮਹਿੰਦਰ ਭਗਤ ਨੇ ਕਿਹਾ ਕਿ ਇਸ ਵਾਰ ਜਲੰਧਰ ਪੱਛਮੀ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ ਪਿਛਲੇ 3 ਹਫਤਿਆਂ 'ਚ ਇਸ ਜਿੱਤ ਲਈ ਦਿਨ-ਰਾਤ ਕੰਮ ਕੀਤਾ ਹੈ। ਅੱਜ ਸਾਨੂੰ ਜੋ ਬਹੁਮਤ ਮਿਲਿਆ ਹੈ ਉਹ ਸੀ.ਐਮ ਮਾਨ ਦੇ ਵਿਕਾਸ ਕਾਰਜਾਂ ਨੂੰ ਦੇਖ ਕੇ ਹੀ ਮਿਲਿਆ ਹੈ। ਅਸੀਂ ਜਲੰਧਰ ਪੱਛਮੀ ਨੂੰ ਸੁਰੱਖਿਅਤ ਬਣਾਵਾਂਗੇ ਅਤੇ ਇੱਥੋਂ ਨਸ਼ਾਖੋਰੀ ਅਤੇ ਦੜੇ-ਸੱਟੇ ਨੂੰ ਖਤਮ ਕਰਾਂਗੇ।
ਜਲੰਧਰ ਤੋਂ ਬਣੇਗਾ ਆਪ ਦਾ ਮੇਅਰ
ਮਹਿੰਦਰ ਭਗਤ ਨੇ ਅੱਗੇ ਕਿਹਾ ਕਿ ਪਾਰਟੀ ਵਰਕਰ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਇਹ ਦੂਜੀਆਂ ਪਾਰਟੀਆਂ ਲਈ ਇੱਕ ਮਿਸਾਲ ਹੈ। ਸੀ.ਐਮ ਮਾਨ ਵੱਲੋਂ ਕੀਤੇ ਕੰਮਾਂ ਨੂੰ ਜਨਤਾ ਨੇ ਪ੍ਰਵਾਨ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਅਜਿਹਾ ਹੀ ਹੋਵੇਗਾ ਅਤੇ ਆਮ ਆਦਮੀ ਪਾਰਟੀ ਦਾ ਜਲੰਧਰ ਵਿਚ ਮੇਅਰ ਬਣੇਗਾ।
ਪੱਛਮੀ ਹਲਕੇ ਨੂੰ ਚੰਗਾ ਆਗੂ ਮਿਲਿਆ
ਹੁਸ਼ਿਆਰਪੁਰ ਦੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਜਲੰਧਰ ਦੀ ਜਿੱਤ 2 ਪੁਆਇੰਟਾਂ 'ਤੇ ਪੱਕੀ ਸੀ, ਜਿਸ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਦਾ ਜਲੰਧਰ 'ਚ ਘਰ ਲੈ ਕੇ ਰਹਿਣਾ। ਨਾਲ ਹੀ ਦੂਜਾ ਨੁਕਤਾ ਭਗਤ ਵਰਗਾ ਉਮੀਦਵਾਰ ਚੁਣਨ ਦਾ ਹੈ ਕਿਉਂਕਿ ਭਗਤ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਲੋਕ ਖੁਸ਼ ਹਨ, ਭਗਤ ਚੰਗੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਨਾਲ ਹੀ CM ਦੇ ਜਲੰਧਰ 'ਚ ਰਹਿਣ ਕਾਰਨ ਲੋਕਾਂ 'ਚ ਉਮੀਦ ਬੱਝੀ ਹੈ ਕਿ ਹੁਣ ਉਹ ਸੀਐੱਮ ਨੂੰ ਮਿਲ ਕੇ ਕੋਈ ਕੰਮ ਕਰਵਾ ਸਕਦੇ ਹਨ।