ਜਲੰਧਰ ਵਿੱਚ ਵਾਰਡ ਨੰਬਰ 46 ਤੋਂ ਆਜ਼ਾਦ ਉਮੀਦਵਾਰ ਤਰਸੇਮ ਲਖੋਤਰਾ ਅਤੇ ਵਾਰਡ ਨੰਬਰ 63 ਤੋਂ ਭਾਜਪਾ ਦੀ ਸੁਲੇਖਾ ਭਗਤ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਸ ਕਾਰਨ ਹੁਣ ਇਹ ਤੈਅ ਹੋ ਗਿਆ ਹੈ ਕਿ ਜਲੰਧਰ ਨਗਰ ਨਿਗਮ ਦਾ ਮੇਅਰ ਹੁਣ ‘ਆਪ’ ਦਾ ਹੋਵੇਗਾ ਕਿਉਂਕਿ ਪਾਰਟੀ ਨੇ ਬਹੁਮਤ ਦਾ ਅੰਕੜਾ ਹਾਸਿਲ ਕਰ ਲਿਆ ਹੈ। ਇਸ ਤੋਂ ਪਹਿਲਾਂ 2 ਕਾਂਗਰਸੀ ਕੌਂਸਲਰ ਅਤੇ 1 ਆਜ਼ਾਦ ਉਮੀਦਵਾਰ ‘ਆਪ’ ਵਿੱਚ ਸ਼ਾਮਲ ਹੋ ਚੁੱਕਾ ਹੈ।
ਮਨਮੀਤ ਕੌਰ ਵੀ ਹੋ ਚੁੱਕੇ AAP 'ਚ ਸ਼ਾਮਲ
ਵਾਰਡ ਨੰਬਰ 47 ਤੋਂ ਕਾਂਗਰਸੀ ਕੌਂਸਲਰ ਮਨਮੀਤ ਕੌਰ ‘ਆਪ’ ਵਿੱਚ ਸ਼ਾਮਲ ਹੋ ਗਈ ਹੈ। ਜਿਸ ਕਾਰਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੀ ਮਹਿਲਾ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋ ਗਈ ਸੀ। ਪੱਛਮੀ ਹਲਕੇ ਦੇ ਵਿਧਾਇਕ ਤੇ ਮੰਤਰੀ ਮਹਿੰਦਰ ਭਗਤ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ |
ਐਤਵਾਰ ਨੂੰ ਸ਼ਾਮਲ ਹੋਏ ਸਨ 2 ਕੌਂਸਲਰ
ਦੱਸ ਦੇਈਏ ਕਿ ਵਾਰਡ ਨੰਬਰ 65 ਦੇ ਪ੍ਰਵੀਨ ਵਾਸਨ ਐਤਵਾਰ ਰਾਤ ‘ਆਪ’ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਦੇ ਨਾਲ ਵਾਰਡ ਨੰਬਰ 81 ਦੀ ਕੌਂਸਲਰ ਸੀਮਾ ਰਾਣੀ ਵੀ ‘ਆਪ’ 'ਚ ਸ਼ਾਮਲ ਹੋ ਗਈ ਹੈ। ਹੁਣ ‘ਆਪ’ ਕੋਲ ਕੁੱਲ ਕੌਂਸਲਰਾਂ ਦੀ ਗਿਣਤੀ 41 ਹੈ ਪਰ ਫਿਰ ਵੀ ਇਹ ਬਹੁਮਤ ਤੋਂ ਪਿੱਛੇ ਹੈ।
ਮੇਅਰ ਬਣਨ ਲਈ 43 ਕੌਂਸਲਰਾਂ ਦੀ ਲੋੜ
ਦੱਸ ਦੇਈਏ ਕਿ ਜਲੰਧਰ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। 'ਆਪ' ਪਾਰਟੀ ਨੂੰ 38 ਸੀਟਾਂ ਮਿਲੀਆਂ ਹਨ। 3 ਕੌਂਸਲਰਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ, ‘ਆਪ’ ਕੋਲ ਹੁਣ 41 ਕੌਂਸਲਰ ਹਨ ਅਤੇ ਇਸ ਨੂੰ ਬਹੁਮਤ ਸਾਬਤ ਕਰਨ ਲਈ 2 ਹੋਰ ਕੌਂਸਲਰਾਂ ਦੀ ਲੋੜ ਹੈ।