ਸਾਰੇ ਪਾਸੇ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਲੰਧਰ ਸਮੇਤ ਹਰ ਜ਼ਿਲ੍ਹੇ ਹਰ ਸ਼ਹਿਰ ਵਿਚ ਸਵੇਰ ਤੋਂ ਭਗਵਾਨ ਸ਼ਿਵ ਜੀ ਦੇ ਦਰਸ਼ਨਾਂ ਲਈ ਮੰਦਰਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਸ਼ਿਵਰਾਤਰੀ ਦੇ ਤਿਉਹਾਰ ਦਾ ਮਹੱਤਵ
ਸ਼ਿਵਰਾਤਰੀ ਦੇ ਤਿਉਹਾਰ ਬਾਰੇ ਧਾਰਮਕ ਮਤ ਅਨੁਸਾਰ ਸ਼ਿਵਰਾਤਰੀ ਦਾ ਤਿਉਹਾਰ ਸਨਾਤਨ ਧਰਮ ਵਿੱਚ ਬਹੁਤ ਹੀ ਮਹੱਤਵਪੂਰਨ ਹੈ। ਕਿਹਾ ਜਾਂਦਾ ਹੈ ਕਿ ਸਾਲ ਵਿੱਚ 12 ਸ਼ਿਵਰਾਤਰੀਆਂ ਹੁੰਦੀਆਂ ਹਨ ਪਰ ਜਿਹੜੀ ਫੱਗਣ ਮਹੀਨੇ 'ਚ ਸ਼ਿਵਰਾਤਰੀ ਆਉਂਦੀ ਹੈ, ਉਸ ਨੂੰ ਮਹਾਸ਼ਿਵਰਾਤਰੀ ਕਿਹਾ ਜਾਂਦਾ ਹੈ।
ਅੱਜ 26 ਫਰਵਰੀ ਨੂੰ ਮਹਾਸ਼ਿਵਰਾਤਰੀ ਮਨਾਈ ਜਾ ਰਹੀ। ਮੰਦਰਾਂ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਸ਼ਰਧਾਲੂ ਸ਼ਿਵਲਿੰਗ 'ਤੇ ਜਲ ਚੜਾ ਰਹੇ ਹਨ। ਫੱਗਣ ਮਹੀਨੇ ਸ਼ਿਵ ਅਤੇ ਪਾਰਵਤੀ ਦਾ ਵਿਆਹ ਹੋਇਆ ਸੀ। ਇਸ ਖੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਭਗਤ ਵਰਤ ਵੀ ਰੱਖਦੇ ਹਨ ਅਤੇ ਪੂਰਾ ਦਿਨ ਭੁੱਖੇ ਰਹਿ ਕੇ ਸ਼ਿਵ ਜੀ ਅਤੇ ਪਾਰਵਤੀ ਦੀ ਪੂਜਾ ਕਰਦੇ ਹਨ। ਇਸ ਦੇ ਨਾਲ ਹੀ, ਕੁਝ ਭਗਤ ਫਲ ਅਤੇ ਦੁੱਧ ਦਾ ਸੇਵਨ ਕਰ ਕੇ ਵਰਤ ਰੱਖਦੇ ਹਨ। ਮਹਾਸ਼ਿਵਰਾਤਰੀ ਮੌਕੇ ਦੁੱਧ-ਦਹੀਂ ਨਾਲ ਸ਼ਰਧਾਲੂ ਸ਼ਿਵਲਿੰਗ 'ਤੇ ਚੜਾ ਕੇ ਅਭਿਸ਼ੇਕ ਕਰਦੇ ਹਨ।
ਇਸ ਤੋਂ ਬਾਅਦ ਵੇਲ ਪੱਤਰ, ਸ਼ੰਮੀ ਪੱਤਰ, ਫਲ, ਦੁੱਧ ਅਤੇ ਧਤੂਰਾ ਆਦਿ ਚੜਾ ਕੇ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਰੀਰਕ ਦੁੱਖ ਅਤੇ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ, ਉਨ੍ਹਾਂ ਦਾ ਕੰਮ ਪੂਰਾ ਹੁੰਦਾ ਹੈ। ਇਸ ਵਰਤ ਵਿੱਚ ਸਭ ਤੋਂ ਵੱਡਾ ਮੰਤਰ 'ਓਮ ਨਮਸ਼ਵਾਏ' ਦਾ ਹੈ।
ਮਹਾਸ਼ਿਵਰਾਤਰੀ ਦੇ ਵਰਤ ਦੇ ਨਿਯਮ
ਮਹਾਸ਼ਿਵਰਾਤਰੀ ਦੇ ਦਿਨ, ਬਹੁਤ ਸਾਰੇ ਸ਼ਰਧਾਲੂ ਭਗਵਾਨ ਸ਼ਿਵ ਦੀ ਤਪੱਸਿਆ ਵਜੋਂ ਵਰਤ ਰੱਖਦੇ ਹਨ। ਕੁਝ ਲੋਕ, ਸ਼ਰਧਾ ਨਾਲ, 'ਨਿਰਜਲਾ' ਵਰਤ ਰੱਖਦੇ ਹਨ, ਸਾਰਾ ਦਿਨ ਪਾਣੀ ਜਾਂ ਭੋਜਨ ਤੋਂ ਪਰਹੇਜ਼ ਕਰਦੇ ਹਨ। ਦੂਸਰੇ 'ਫਲਹਾਰ' ਵਰਤ ਰੱਖਦੇ ਹਨ ਜਿਸ ਵਿੱਚ ਸਿਰਫ਼ ਫਲ ਅਤੇ ਦੁੱਧ ਦਾ ਸੇਵਨ ਕਰਨਾ ਸ਼ਾਮਲ ਹੈ। ਮਹਾਂਸ਼ਿਵਰਾਤਰੀ ਦੇ ਵਰਤ ਦੇ ਹਿੱਸੇ ਵਜੋਂ ਆਲੂਬੁਖਾਰੇ, ਕੇਲੇ, ਸੇਬ ਅਤੇ ਸੰਤਰੇ ਵਰਗੇ ਫਲ ਖਾਧੇ ਜਾ ਸਕਦੇ ਹਨ। ਮਹਾਸ਼ਿਵਰਾਤਰੀ ਦੇ ਦਿਨ ਸਾਤਵਿਕ ਦਾਵਤ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਇਸ ਦਿਨ ਮਾਸ ਅਤੇ ਸ਼ਰਾਬ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।