ਖ਼ਬਰਿਸਤਾਨ ਨੈੱਟਵਰਕ: ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਅਧੀਨ ਚੱਲ ਰਹੇ ਸਾਡਾ ਨਾਟ ਘਰ ਦਾ 200ਵਾਂ ਸ਼ੋ ਸਫਲ ਰਿਹਾ । ਜ਼ਿਕਰਯੋਗ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਹਰ ਸੋਮਵਾਰ ਸਾਡਾ ਨਾਟ ਘਰ ਦੇ ਵਿਹੜੇ ਰੰਗਮੰਚ ਦੀਆਂ ਰੌਣਕਾਂ ਲੱਗਦੀਆਂ ਹਨ ਤੇ ਇਸ ਹੀ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ 27 ਮਾਰਚ ਨੂੰ ਵਿਸ਼ਵ ਰੰਗਮੰਚ ਦਿਵਸ ਵਾਲੇ ਦਿਨ ਸਾਡਾ ਨਾਟ ਘਰ ਦਾ ਖ਼ਾਸ 200ਵਾਂ ਪ੍ਰੋਗਰਾਮ ਕੀਤਾ ਗਿਆ । ਹਾਊਸਫੁੱਲ ਰਹੇ ਇਸ ਪ੍ਰੋਗਰਾਮ ਵਿਚ ਰੰਗਮੰਚ ਦੀਆਂ ਵੱਖ-ਵੱਖ ਪੇਸ਼ਕਾਰੀਆਂ ਦਿਖਾਈਆਂ ਗਈਆਂ ।
ਪਿਛਲੇ ਤਿੰਨ ਦਿੰਨਾਂ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਤਿੰਨ ਦਿਨਾਂ ਥੀਏਟਰ ਫੈਸਟੀਵਲ ਵੀ ਚੱਲ ਰਿਹਾ ਸੀ ਅਤੇ ਇਸ ਨੂੰ ਮੁੱਖ ਰੱਖਦੇ ਹੋਏ ਸ਼ਹੀਦ ਸਰਦਾਰ ਭਗਤ ਸਿੰਘ ਦੇ ਜੀਵਨ ਦੇ ਅਧਾਰਿਤ ਨਾਟਕ “ਛਿਪਣ ਤੋਂ ਪਹਿਲਾਂ” ਦੀ ਪੇਸ਼ਕਾਰੀ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਬਣੀ । ਦਵਿੰਦਰ ਦਮਨ ਦਵਾਰਾ ਲਿਖਿਤ ਇਸ ਨਾਟਕ ਨੂੰ ਦਲਜੀਤ ਸੋਨਾ ਦਵਾਰਾ ਨਿਰਦੇਸ਼ਿਤ ਕੀਤਾ ਗਿਆ । ਸਾਡਾ ਨਾਟ ਘਰ ਦੀ ਜੂਨੀਅਰ ਟੀਮ ਵੱਲੋਂ ਨਾਟਕ “ਜਾਨਵਰਾਂ ਦੀ ਅਦਾਲਤ” ਅਤੇ “ਭਗਤ ਸਿੰਘ” ਦੀ ਪੇਸ਼ਕਾਰੀ ਕੀਤੀ ਗਈ । ਇਸ ਪ੍ਰੋਗਰਾਮ 'ਚ ਵੱਖ-ਵੱਖ ਸੰਸਥਾਵਾਂ ਤੋਂ ਮਹਿਮਾਨ ਪਹੁੰਚੇ , ਮਿਸ਼ਨ ਆਗਾਜ਼ ਸੰਸਥਾ ਤੋਂ ਦੀਪਕ ਬੱਬਰ ਅਤੇ ਪ੍ਰਸਿੱਧ ਗਾਇਕਾ ਜਸਪ੍ਰੀਤ ਕੌਰ ਨੇ ਆਪਣੀ ਹਾਜ਼ਰੀ ਲਵਾਈ। ਅਦਾਕਾਰ ਜਸਪਾਲ ਕੌਰ ਭਾਟੀਆ ਅਤੇ ਜਸਪਾਲ ਸਿੰਘ ਪਾਇਲਟ ਵੀ ਉਚੇਚੇ ਤੌਰ ਤੇ ਪ੍ਰੋਗਰਾਮ ਵਿਚ ਹਾਜ਼ਰ ਰਹੇ। ਨਾਟਕ ਤੋਂ ਇਲਾਵਾ ਜਸਲੀਨ ਕੌਰ ਦੇ ਲੋਕ ਗੀਤ ਅਤੇ ਯੁਵਰਾਜ ਸਿੰਘ ਦੇ ਭੰਗੜੇ ਨੇ ਪ੍ਰੋਗਰਾਮ ਵਿਚ ਚਾਰ ਚੰਨ ਲਗਾਏ।

ਸਾਡਾ ਨਾਟ ਘਰ ਦੀਆਂ ਕੁੜੀਆਂ ਦੀ ਲੁੱਡੀ ਦੀ ਪੇਸ਼ਕਾਰੀ ਨੇ ਵੱਖਰਾ ਹੀ ਰੰਗ ਬੰਨ੍ਹ ਦਿੱਤਾ। ਅੰਤ ਵਿਚ ਸਭ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਦਰਸ਼ਕਾਂ ਨੂੰ ਫਰੂਟ ਚਾਟ ਦੀ ਰਿਫਰੈਸ਼ਮੈਂਟ ਦਿੱਤੀ ਗਈ। ਇਸ ਤਿੰਨ ਦਿਨਾਂ ਨਾਟ ਮੇਲੇ ਦੀ ਸਮਾਪਤੀ ਤੇ ਕਲਾਕਾਰਾਂ ਨੂੰ ਐਵਾਰਡ ਵੀ ਦਿੱਤੇ ਗਏ ਜਿਸ ਵਿਚ ਸੀਨੀਅਰ ਟੀਮ ਵਿਚੋਂ ਪਰਮਜੀਤ ਸਿੰਘ ਅਤੇ ਜੂਨੀਅਰ ਟੀਮ ਵਿਚੋਂ ਹਰਮਨਪ੍ਰੀਤ ਸਿੰਘ ਨੂੰ ਬੈਸਟ ਐਕਟਰ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ । ਸਾਡਾ ਨਾਟ ਘਰ ਦੀ ਟੀਮ ਨੇ ਸਭ ਦਰਸ਼ਕਾਂ ਦਾ ਤਹਿ ਦਿਲੋਂ ਸ਼ੁਕਰੀਆ ਵੀ ਕੀਤਾ ਅਤੇ ਹਰ ਸੋਮਵਾਰ ਉਹਨਾਂ ਦੇ ਮਨੋਰੰਜਨ ਦਾ ਸੰਕਲਪ ਵੀ ਲਿਆ। ਇਸ ਮੌਕੇ ਰੰਗਕਰਮੀ ਮੈਗਜ਼ੀਨ ਦੇ ਸੰਪਾਦਕ ਸਤਨਾਮ ਮੂਧਲ, ਲਵਲੀ ਪ੍ਰੋਡਕਸ਼ਨ ਤੋਂ ਹਰਪਿੰਦਰਜੀਤ ਕੌਰ, ਲਖਬੀਰ ਸਿੰਘ ਘੁੰਮਣ ਆਦਿ ਉਚੇਚੇ ਤੌਰ ਤੇ ਮੌਜੂਦ ਰਹੇ। ਦਲਜੀਤ ਸਿੰਘ ਸੋਨਾ ਨੇ ਦੱਸਿਆ ਕਿ ਹਰ ਸੋਮਵਾਰ ਨੂੰ ਸ਼ਾਮ 6 ਵਜੇ ਮੁਫ਼ਤ ਵਿੱਚ ਨਾਟਕ ਦਿਖਾਉਣ ਦੀ ਸਾਡਾ ਨਾਟ ਘਰ ਦੀ ਇਹ ਪਰੰਪਰਾ ਏਸੇ ਤਰ੍ਹਾਂ ਚਲਦੀ ਰਹੇਗੀ।
